
ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਯੂਨੀਵਰਸਿਟੀ ਦੇ ਟੈਗੋਰ ਓਪਨ ਏਅਰ ਥੀਏਟਰ ਵਿਖੇ 23 ਮਾਰਚ ਤੋਂ ਅਗਾਜ਼ ਹੋਏ 3 ਰੋਜ਼ਾ ‘ਦੂਜਾ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2017’ ਅੱਜ ਆਪਣੀਆਂ ਅਮਿੱਟ ਮਿੱਠੀਆਂ ਯਾਦਾਂ ਬਿਖੇਰਦਿਆਂ ਹੋਇਆ ਸੰਪੰਨ ਹੋਇਆ ਗਿਆ। 23 ਤੋਂ 25 ਮਾਰਚ ਤੱਕ ਚਲੇ ਇਸ ਫੈਸਟੀਵਲ ’ਚ ਖ਼ਾਲਸਾ ਕਾਲਜ ਨੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਦਿਆਂ ਆਪਣਾ ਸਿੱਕਾ ਜਮਾਇਆ। ਜਦ ਕਿ ਖ਼ਾਲਸਾ ਕਾਲਜ ਫ਼ਾਰ ਵੂਮੈਨ ਫ਼ਸਟ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਫਾਰਮੇਸੀ ਸੈਕਿੰਡ ਰਨਰਅੱਪ ਰਿਹਾ। ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚਲ ਰਹੇ 13 ਕਾਲਜਾਂ ਤੋਂ ਸੈਂਕੜੇ ਵਿਦਿਆਰਥੀਆਂ ਫੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਹੋਰ ਸਖਸ਼ੀਅਤਾਂ ਮੌਜ਼ੂਦ ਸਨ।
ਫ਼ੈਸਟੀਵਲ ਮੌਕੇ ਸਾਹਿਤਕ ਮੁਕਾਬਲੇ ’ਚ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ, ਥੀਏਟਰ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਆਫ਼ ਫਾਰਮੇਸੀ, ਡਾਂਸ ’ਚ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਅਤੇ ਖ਼ਾਲਸਾ ਕਾਲਜ ਆਫ਼ ਟੈਕਨਾਲੋਜੀ ਐਂਡ ਬਿਜਨੈਸ ਸਟੱਡੀ, ਮੋਹਾਲੀ, ਮਿਊਜ਼ਿਕ ’ਚ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਫਾਰ ਵੂਮੈਨ ਅਤੇ ਖ਼ਾਲਸਾ ਕਾਲਜ ਆਫ਼ ਫਾਰਮੇਸੀ ਅਤੇ ਫਾਈਨ ਆਰਟ ’ਚ ਖ਼ਾਲਸਾ ਕਾਲਜ ਐਜ਼ੂਕੇਸ਼ਨ, ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।3 ਰੋਜ਼ਾ ਫੈਸਟੀਵਲ ਦੌਰਾਨ 24 ਮਾਰਚ ਨੂੰ ਵਿਦਿਆਰਥੀਆਂ ਨੇ ਸ਼ਬਦ ਗਾਇਨ, ਕਵੀਸ਼ਰੀ, ਗੀਤ-ਗਜ਼ਲ, ਫੋਕ ਸੋਗ, ਫੈਂਸੀ ਡਰੈੱਸ (ਪੰਜਾਬੀ ਪਹਿਰਾਵਾ), ਮਮਿਕਰੀ, ਮੋਨੋ ਐਕਟਿੰਗ ਅਤੇ ਸਕਿੱਟ ਦੀ ਪੇਸ਼ਕਾਰੀ ਦਿੱਤੀ ਅਤੇ ਅਖ਼ਰੀਲੇ ਦਿਨ ਭੰਗੜਾ, ਗਿੱਧਾ, ਕੁਇਜ਼ ਮਕਾਬਲਾ, ਐਕਟਿੰਗ ਸਾਂਗ ਅਤੇ ਡਾਂਸ ਆਦਿ ’ਚ ਵਿਦਿਆਰਥੀਆਂ ਆਪਣੇ ਕਲਾ ਦਾ ਮੁਜ਼ਾਹਰਾ ਕੀਤਾ। ਪ੍ਰੋਗਰਾਮ ’ਚ ਵੱਖ-ਵੱਖ ਮੁਕਾਬਲਿਆਂ ’ਚ ਜੱਜ ਸਾਹਿਬਾਨ ਦੀ ਭੂਮਿਕਾ ਸ੍ਰੀ ਸ਼ਰਦ ਮਨੋਚਾ, ਜੋਬਨਜੀਤ ਕੌਰ, ਪ੍ਰਭਜੀਤ ਕੌਰ, ਰਵਿੰਦਰ ਰਵੀ, ਜਸਬੀਰ ਸਿੰਘ, ਵਿਜੈ ਸ਼ਰਮਾ, ਅਮਨਜੋਤ ਅਤੇ ਜਗਜੀਤ ਸਿੰਘ ਵੱਲੋਂ ਨਿਭਾਈ ਗਈ।
ਮਜੀਠੀਆ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਫੈਸਟੀਵਲ ਦਾ ਮੁੱਖ ਮਨੋਰਥ ਵਿਦਿਆਰਥੀਆਂ ਵਿੱਚਲੀਆਂ ਕਾਬਲੀਅਤਾਵਾਂ ਨੂੰ ਜਗ ਜਾਹਿਰ ਕਰਨਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਟੇਲੈਂਟ ਨੂੰ ਵੇਖ ਕੇ ਉਨ੍ਹਾਂ ਦਾ ਮਨ ਬਾਗੋਬਾਗ ਹੋਇਆ ਹੈ ਅਤੇ ਕਾਲਜ ਤੇ ਯੂਨੀਵਰਸਿਟੀਆਂ ਉਨ੍ਹਾਂ ਅੰਦਰ ਛੁਪੀਆਂ ਖੂਬੀਆਂ ਨੂੰ ਜਾਹਿਰ ਕਰਨ ਲਈ ਇਕ ਅਜਿਹਾ ਮੰਚ ਪ੍ਰਦਾਨ ਕਰਦੇ ਹੈ। ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੁਕਾਬਲੇ ਬਹੁਤ ਹੀ ਦਿਲਚਸਪ ਸਨ ਕਿਉਂਕਿ ਸਮੂਹ ਖ਼ਾਲਸਾ ਸੰਸਥਾਵਾਂ ਪਹਿਲਾਂ ਹੀ ਵੱਖ ਵੱਖ ਯੂਨੀਵਰਸਿਟੀਆਂ ਨਾਲ ਸਬੰਧਿਤ ਹੋਣ ’ਤੇ ਆਣੇ ਆਪਣੇ ਖੇਤਰ ’ਚ ਚੈਂਪੀਅਨ ਹਨ, ਇਸ ਲਈ ਇਹ ਮੁਕਾਬਲਾ ਇਕ ਤਰ੍ਹਾਂ ਨਾਲ ਚੈਂਪੀਅਨਸ ਦਾ ਮੁਕਾਬਲਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਮੈਨੇਜ਼ਮੈਂਟ ਦੁਆਰਾ ਹਰ ਸਾਲ ਉਲੀਕੇ ਗਏ ‘ਯੂਥ ਫੈਸਟੀਵਲ’ ਸਬੰਧੀ ਧੰਨਵਾਦ ਨੂੰ ਕੁਸ਼ਲ ਢੰਗ ਨਾਲ ਆਯੋਜਿਤ ਕਰਨ ’ਤੇ ਸਭਨਾਂ ਦਾ ਧੰਨਵਾਦ ਕੀਤਾ। ਯੁਵਕ ਮੇਲੇ ’ਚ ਖਾਲਸਾ ਕਾਲਜ ਚਵਿੰਡਾ ਦੇਵੀ, ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨੋਲੋਜੀ, ਖਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ, ਹੇਰ ਅਤੇ ਖਾਲਸਾ ਕਾਲਜ ਆਫ਼ ਵੈਟਨਰੀ ਅਤੇ ਐਨੀਮਲ ਸਾਇੰਸਜ ਆਦਿ ਨੇ ਵੀ ਭਾਗ ਲਿਆ। ਫੈਸਟੀਵਲ ਸਬੰਧੀ ਵਿਦਿਆਰਥੀਆਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਕਰਕੇ ਕਾਲਜ ਦੇ ਵਿਹੜਾ ਦਿਲਕਸ਼ ਨਜ਼ਰੀ ਆ ਰਿਹਾ ਹੈ। ਪ੍ਰੋਗਰਾਮ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਰਘਬੀਰ ਸਿੰਘ, ਡਾ. ਗੁਰਸ਼ਰਨ ਸਿੰਘ, ਸਰਦੂਲ ਸਿੰਘ ਮੰਨਨ, ਸੁਖਦੇਵ ਸਿੰਘ ਅਬਦਾਲ, ਪਰਮਜੀਤ ਸਿੰਘ ਬੱਲ, ਗੁਰਮਹਿੰਦਰ ਸਿੰਘ, ਲਖਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਉਕਤ ਸਮੂਹ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
ਫੈਸਟੀਵਲ ਦੌਰਾਨ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ.ਕੇ ਧਵਨ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਸਾਇੰਸਸ ਪ੍ਰਿੰ: ਡਾ. ਐੱਸ. ਕੇ. ਜੰਡ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰ: ਡਾ. ਨੀਲਮ ਹੰਸ, ਪ੍ਰਿੰ: ਨਾਨਕ ਸਿੰਘ, ਪ੍ਰਿੰ: ਡਾ. ਹਰਭਜਨ ਸਿੰਘ, ਪ੍ਰਿੰ: ਨਿਰਮਲ ਸਿੰਘ ਭੰਗੂ, ਪ੍ਰਿੰ: ਤੇਜਿੰਦਰ ਕੌਰ ਬਿੰਦਰਾ, ਪ੍ਰਿੰ: ਡੀ. ਕੇ. ਸੰਧੂ, ਪ੍ਰਿੰ: ਹਰੀਸ਼ ਕੁਮਾਰੀ ਆਦਿ ਮੈਨੇਜ਼ਮੈਟ ਵੱਲੋਂ ਉਲੀਕੇ ਪ੍ਰੋਗਰਾਮ ਦਾ ਸ਼ਲਾਘਾ ਕਰਦਿਆਂ ਲਏ ਫੈਸਲੇ ਦਾ ਸਵਾਗਤ ਕੀਤਾ।
Punjab Post Daily Online Newspaper & Print Media