ਖੋਜ ਸੰਸਥਾ ਨਾਦ ਪ੍ਰਗਾਸੁ ਨੇ ਕੀਤਾ ਸਾਹਿਤ ਉਤਸਵ-2017 ਦਾ ਐਲਾਨ
ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- “ਪੰਜਾਬ ਦੇ ਖੋਜਾਰਥੀ/ਵਿਦਿਆਰਥੀ ਵਰਗ ਅੰਦਰ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਪੈਦਾ ਹੋ ਰਹੇ ਨਵੇਂ ਰੁਝਾਨਾਂ ਪ੍ਰਤੀ ਉਸਾਰੂ ਚੇਤਨਾ ਪੈਦਾ ਕਰਨ ਹਿੱਤ ਦੋ ਰੋਜ਼ਾ ਸਾਹਿਤ ਉਤਸਵ ਮਿਤੀ 29 ਅਤੇ 30 ਮਾਰਚ 2017 ਨੂੰ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ ਆਯੋਜਿਤ ਕੀਤਾ ਜਾਵੇਗਾ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੋਜ ਸੰਸਥਾ ਨਾਦ ਪ੍ਰਗਾਸੁ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਕੀਤਾ। ਉਹਨਾਂ ਦੱਸਿਆ ਕਿ ਇਹ ਸਾਹਿਤ ਉਤਸਵ ਪਿਛਲੇ ਸਾਲ ਵੀ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦਾ ਸਾਰਾ ਪ੍ਰਬੰਧ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਨਾਲ ਜੁੜੇ ਖੋਜਾਰਥੀਆਂ/ਵਿਦਿਆਰਥੀਆਂ ਵੱਲੋਂ ਆਪਣੇ ਤੌਰ ਤੇ ਹੀ ਕੀਤਾ ਜਾਂਦਾ ਹੈ।ਸਾਹਿਤ ਉਤਸਵ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨ ਵਰਗ ਨੂੰ ਅਕਾਦਮਿਕ ਖੋਜ ਅਤੇ ਚਿੰਤਨ ਦੇ ਗਿਆਨਮੁਖੀ ਪਸਾਰਾਂ ਤੋਂ ਜਾਣੂ ਕਰਵਾਉਣਾ ਹੈ।
ਉਹਨਾਂ ਅੱਗੇ ਦੱਸਿਆ ਕਿ ਇਸ ਵਾਰ ਸਾਹਿਤ ਉਤਸਵ ਦੇ ਪਹਿਲੇ ਦਿਨ 29 ਮਾਰਚ ਦੇ ਅਕਾਦਮਿਕ ਸਮਾਗਮ ਦੌਰਾਨ ਡਾ. ਤੇਜਵੰਤ ਸਿੰਘ ਗਿੱਲ, ਡਾ. ਮਨਮੋਹਨ, ਡਾ. ਗੁਰਪਾਲ ਸਿੰਘ ਸੰਧੂ, ਤਸਕੀਨ ਅਤੇ ਡਾ. ਗੁਰਮੁੱਖ ਸਿੰਘ ਸਮਕਾਲੀ ਸਾਹਿਤ ਚਿੰਤਨ ਦੇ ਵਿਭਿੰਨ ਪਸਾਰਾਂ ੳੁੱਤੇ ਚਾਨਣਾ ਪਾਉਣਗੇ। ਇਸ ਤੋਂ ਇਲਾਵਾ ਇਸੇ ਦਿਨ ਦੁਪਹਿਰ ਨੂੰ ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਦੇ ਨਾਟਕ ‘ਸਾਵੀ’ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।ਸਾਹਿਤ ਉਤਸਵ ਦੇ ਦੂਜੇ ਦਿਨ 30 ਮਾਰਚ ਨੂੰ ਰਾਸ਼ਟਰੀ ਪੱਧਰ ਦੇ ਸਲਾਨਾ ਕਵੀ ਦਰਬਾਰ ਚੜ੍ਹਿਆ ਬਸੰਤ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਕਰਨਗੇ ਅਤੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਅਤੇ ਪ੍ਰਸਿੱਧ ਕਵੀ ਕੁਲਵੰਤ ਸਿੰਘ ਗਰੇਵਾਲ ਤੋਂ ਇਲਾਵਾ ਪਹਾੜੀ ਬੋਲੀ ਸਮੇਤ ਪੰਜਾਬੀ ਦੇ 17 ਹੋਰ ਕਵੀ ਆਪਣੀਆਂ ਕਾਵਿਕ ਰਚਨਾਵਾਂ ਪੇਸ਼ ਕਰਨਗੇ।
ਇਸ ਮੌਕੇ ਦਮਨਜੀਤ ਸਿੰਘ ਨੇ ਦੱਸਿਆ ਕਿ ਇਸ ਤੌਂ ਇਲਾਵਾ ਭਾਈ ਬਲਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਬਸੰਤ ਰਾਗ ਦਾ ਗਾਇਨ ਵੀ ਕਰਨਗੇ। ਇਸ ਸਾਹਿਤ ਉਤਸਵ ਦੇ ਦੋਵੇਂ ਦਿਨਾਂ ਦੌਰਾਨ ਚਿੱਤਰਕਲਾ, ਕੈਲੀਗਾਫ੍ਰੀ, ਸਾਜ਼ਾਂ ਆਦਿ ਦੀਆਂ ਪ੍ਰਦਰਸ਼ਨੀਆਂ ਵੀ ਵਿਸ਼ੇਸ਼ ਤੌਰ ਤੇ ਸਜਾਈਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਕਿ ਸਾਹਿਤ ਉਤਸਵ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਲਈ ਖੋਜਾਰਥੀਆਂ ਦੀਆਂ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆ ਗਈਆਂ ਹਨ।
ਇਸ ਸਾਹਿਤ ਉਤਸਵ ਵਿੱਚ ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਦੇ ਵਿਦਿਆਰਥੀ ਵੀ ਸਾਮਿਲ ਹੋਣਗੇ। ਉਹਨਾਂ ਵਿਸ਼ੇਸ਼ ਐਲਾਨ ਕਰਦਿਆਂ ਦੱਸਿਆ ਕਿ ਇਸ ਸਾਲ ਦਾ ਨਾਦ ਪ੍ਰਗਾਸੁ ਸ਼ਬਦ ਸਨਮਾਨ ਪੋ੍ਰ. ਹਰਪਾਲ ਸਿੰਘ ਪੰਨੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਸਨਮਾਨ ਸਾਹਿਤ ਜਾਂ ਚਿੰਤਨ ਵਿੱਚ ਯੋਗਦਾਨ ਪਾਉਣ ਵਾਲੀ ਪ੍ਰਸਿੱਧ ਹਸਤੀ ਨੂੰ ਹੀ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸਨਮਾਨ ਡਾ. ਜਸਵੰਤ ਸਿੰਘ ਨੇਕੀ, ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਡਾ. ਜਗਬੀਰ ਸਿੰਘ, ਡਾ. ਗੁਰਚਰਨ ਸਿੰਘ ਅਰਸ਼ੀ, ਡਾ. ਜਸਬੀਰ ਸਿੰਘ ਆਹਲੂਵਾਲੀਆ ਅਤੇ ਡਾ. ਮਨਮੋਹਨ ਨੂੰ ਉਹਨਾਂ ਦੇ ਅਕਾਦਮਿਕ ਅਤੇ ਸਾਹਿਤਕ ਯੋਗਦਾਨ ਲਈ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਹੀਰਾ ਸਿੰਘ, ਚਰਨਜੀਤ ਸਿੰਘ, ਮਨਦੀਪ ਸਿੰਘ, ਲਖਵੀਰ ਸਿੰਘ ਆਦਿ ਖੋਜਾਰਥੀ ਵੀ ਹਾਜ਼ਰ ਸਨ।
Punjab Post Daily Online Newspaper & Print Media