ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਆਸ਼ੇ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਕੂਲਾਂ ਦੇ ਮੁੱਖ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀ ਟਰੇਨਿੰਗ ’ਤੇ ਜੋਰ ਦਿੰਦੇ ਹੋਏ ਖ਼ੁਦ ਉਨਾਂ ਦਾ ਪ੍ਰੇਰਨਾ ਸੈਸ਼ਨ ਲੈਣ ਦਾ ਫੈਸਲਾ ਕੀਤਾ ਹੈ ਅਤੇ ਉਨਾਂ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਤੇ ਸਕੈਡੰਰੀ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸੈਸ਼ਨ ਦਾ ਪ੍ਰਬੰਧ ਕਰਨ। ਸਿੱਖਆ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੱਦੀ ਗਈ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਸੰਘਾ ਨੇ ਕਿਹਾ ਕਿ ਜਿੰਨਾ ਚਿਰ ਅਧਿਆਪਕ ਖ਼ੁਦ ਪੜ੍ਹ ਕੇ ਨਹੀਂ ਆਉਂਦਾ, ਉਨਾ ਚਿਰ ਬੱਚੇ ਨਾਲ ਇਨਸਾਫ ਨਹੀਂ ਕਰ ਸਕਦਾ। ਸੰਘਾ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਨਿਰੋਲ ਮੈਰਿਟ ਦੇ ਅਧਾਰ ’ਤੇ ਹੋ ਰਹੀ ਹੈ, ਜਿਸ ਕਾਰਨ ਆਪਣੇ-ਆਪਣੇ ਵਿਸ਼ੇ ਵਿੱਚ ਸਭ ਤੋਂ ਵੱਧ ਮੁਹਾਰਤ ਅਤੇ ਯੋਗਤਾ ਰੱਖਣ ਵਾਲੇ ਅਧਿਆਪਕ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਉਨਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਉਹ ਚੰਗਾ ਪੜ੍ਹਾ-ਲਿਖਾ ਰਹੇ ਹੋਣਗੇ, ਪਰ ਸਾਡੇ ਬੱਚਿਆਂ ਨੂੰ ਮੁਕਾਬਲੇ ਦੇ ਇਸ ਯੁੱਗ ਵਿਚ ਤਿਆਰ ਕਰਨ ਵਾਸਤੇ ਅਜੇ ਹੋਰ ਮਿਹਨਤ ਤੇ ਕੋਸ਼ਿਸ਼ਾਂ ਦੀ ਲੋੜ ਹੈ।
ਉਨਾਂ ਦੋਵਾਂ ਸਿੱਖਿਆ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਾਰੇ ਸਕੂਲਾਂ ਵਿਚ ਰੋਜ਼ਾਨਾ ਪੰਜ-ਪੰਜ ਨਵੇਂ ਸ਼ਬਦਾਂ, ਜਿਸ ਵਿਚ ਕੋਈ ਵੀ ਵਿਸ਼ਾ ਲਿਆ ਜਾ ਸਕਦਾ ਹੈ, ਦੀ ਸਾਂਝ ਬੱਚਿਆਂ ਨਾਲ ਪਾਉਣ ਦੀ ਹਦਾਇਤ ਅਧਿਆਪਕ ਸਾਹਿਬਾਨ ਨੂੰ ਕਰਨ, ਤਾਂ ਜੋ ਬੱਚੇ ਸਕੂਲ ਵਿਚੋਂ ਸਹਿਜ-ਸੁਭਾਅ ਹੀ ਜਾਣਕਾਰੀ ਦਾ ਭੰਡਾਰ ਇਕੱਠਾ ਕਰਦੇ ਰਹਿਣ। ਉਨਾਂ ਸਰਕਾਰੀ ਸਕੂਲਾਂ ਦੇ ਸਾਰੇ ਬਾਥਰੂਮ ਸਾਫ ਰੱਖਣ ਦੀ ਹਦਾਇਤ ਵੀ ਕੀਤੀ। ਨਵੀਆਂ ਬਣ ਰਹੀਆਂ ਸਕੂਲਾਂ ਦੀ ਇਮਾਰਤਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਸੰਘਾ ਨੇ ਕਿਹਾ ਕਿ ਇੰਨਾਂ ਵਿਚ ਗੁਣਵਤਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਜੇਕਰ ਕਿਧਰੇ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਕੰਮ ਵਿਚ ਕੁਤਾਹੀ ਕਰਦਾ ਹੈ, ਤਾਂ ਮੇਰੇ ਧਿਆਨ ਵਿਚ ਲਿਆਂਦਾ ਜਾਵੇ। ਉਨਾਂ ਬੱਚਿਆਂ ਨੂੰ ਦਿੱਤੀ ਜਾ ਰਹੀ ਮਿਡ ਡੇਅ ਮੀਲ ਦੀ ਕੁਆਲਟੀ ਚੈਕ ਕਰਨ ਦੀ ਹਦਾਇਤ ਵੀ ਐਸ ਡੀ ਐਮਜ਼ ਅਤੇ ਤਹਿਸੀਲਦਾਰ ਸਾਹਿਬਾਨ ਨੂੰ ਕੀਤੀ, ਤਾਂ ਜੋ ਬੱਚਿਆਂ ਨੂੰ ਉਨਾਂ ਦੀ ਜਰੂਰਤ ਅਨੁਸਾਰ ਪੂਰਾ ਅਤੇ ਸੰਤੁਲਿਤ ਭੋਜਨਾ ਮਿਲੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਕੂਲਾਂ ਵਿਚ ਬੈਚਾਂ, ਬਲੈਕ ਬੋਰਡਾਂ, ਖੇਡ ਮੈਦਾਨਾਂ ਅਤੇ ਖੇਡਾਂ ਦਾ ਸਾਜੋ ਸਮਾਨ ਦਾ ਜਾਇਜ਼ਾ ਵੀ ਲਿਆ। ਉਨਾਂ ਵਿਸੇਸ਼ ਲੋੜਾਂ ਵਾਲੇ ਬੱਚਿਆਂ ਵੱਲ ਵੀ ਵੱਧ ਧਿਆਨ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਡੀ ਈ ਓ ਸਕੈਡੰਰੀ ਅਮਰਦੀਪ ਸਿੰਘ, ਡੀ ਈਓ ਸਕੈਡਰੀ ਸਲਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵਾਂ ਸੁਲਤਾਨਵਿੰਡ ਫਲਾਈਓਵਰ ਲੋਕਾਂ ਨੂੰ ਸਮਰਪਿਤ
ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ …
Punjab Post Daily Online Newspaper & Print Media