ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਸਿਹਤ ਸੰਭਾਲ ਲਈ ਸਫਾਈ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਬੱਚਿਆਂ ਨੂੰ ਸਕੂਲ ਸਿੱਖਿਆ ਦੇ ਨਾਲ-ਨਾਲ ਸਾਫ ਰਹਿਣ ਅਤੇ ਆਲਾ-ਦੁਆਲਾ ਸਾਫ ਰੱਖਣ ਦੀ ਗੁਰ ਸਿਖਾਏ ਜਾਣ ਤਾਂ ਆਉਣ ਵਾਲੇ ਸਮੇਂ ਵਿਚ ਡਾਕਟਰਾਂ ਦੇ ਮੌਢਿਆਂ ਤੋਂ ਵੱਡਾ ਭਾਰ ਲੱਥ ਸਕਦਾ ਹੈ। ਅੱਜ ਸਿਵਲ ਸਰਜਨ, ਸਿਹਤ ਵਿਭਾਗ ਦੇ ਵੱਖ-ਵੱਖ ਵਿਭਾਗ ਮੁਖੀਆਂ ਤੇ ਐਸ. ਐਮ. ਓਜ਼ ਨਾਲ ਜਿਲ੍ਹੇ ਦੇ ਲੋਕਾਂ ਦੀ ਸਿਹਤ-ਸੰਭਾਲ ਬਾਰੇ ਚਰਚਾ ਕਰਦੇ ਹੋਏ ਸ. ਸੰਘਾ ਨੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਸਿਹਤ ਲਈ ਜਦੋਂ ਵੀ ਬੱਚਿਆਂ ਦੀ ਸਿਹਤ ਦਾ ਜਾਂਚ ਕਰਨ ਜਾਣ ਤਾਂ ਉਥੇ ਸਕੂਲ ਵਿਚ ਪੜ੍ਹਦੇ ਬੱਚਿਆਂ, ਅਧਿਆਪਕਾਂ ਅਤੇ ਸਕੂਲ ਦੀ ਰਸੋਈ ਵਿਚ ਕੰਮ ਕਰਦੀਆਂ ਔਰਤਾਂ ਨੂੰ ਸਫਾਈ ਦੀ ਮਹਾਨਤਾ ਅਤੇ ਵੱਧ ਤੋਂ ਵੱਧ ਸਫਾਈ ਕਿਵੇਂ ਰੱਖਣੀ ਹੈ, ਬਾਰੇ ਵੀ ਜਾਗਰੂਕਤ ਕਰਨ। ਸ. ਸੰਘਾ ਨੇ ਕਿਹਾ ਕਿ ਜੇਕਰ ਸਾਡੇ ਬੱਚੇ ਸਾਫ ਰਹਿਣਾ ਅਤੇ ਆਲਾ-ਦੁਆਲਾ ਸਾਫ ਰੱਖਣਾ ਸਿੱਖ ਗਏ ਤਾਂ ਬਿਮਾਰਾਂ ਦੀ ਗਿਣਤੀ ਘੱਟ ਜਾਵੇਗੀ।
ਉਨਾਂ ਇਹ ਵੀ ਹਦਾਇਤ ਕੀਤੀ ਕਿ ਬੱਚਿਆਂ ਦੇ ਦੰਦਾਂ ਦੀ ਜਾਂਚ ਮੌਕੇ ਸਾਰੇ ਬੱਚਿਆਂ ਨੂੰ ਰਾਤ ਨੂੰ ਬੁਰਸ਼ ਕਰਨ ਦੇ ਲਾਭ ਅਤੇ ਬੁਰਸ਼ ਨਾਲ ਦੰਦ ਕਿਵੇਂ ਸਾਫ ਕਰਨੇ ਹਨ, ਬਾਰੇ ਵੀ ਵਿਸਥਾਰ ਵਿਚ ਡਾਕਟਰਾਂ ਵੱਲੋਂ ਦੱਸਿਆ ਜਾਵੇ। ਸ. ਸੰਘਾ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਦੀ ਸਿਹਤ ਦਾ ਭਾਰ ਸਰਕਾਰੀ ਸਿਹਤ ਵਿਭਾਗ ਦੇ ਮੋਢਿਆਂ ’ਤੇ ਹੈ ਅਤੇ ਉਹ ਆਪਣੀ ਡਿਊਟੀ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ। ਉਨਾਂ ਕਿਹਾ ਕਿ ਡਾਕਟਰ ਵਧੀਆ ਸੇਵਾਵਾਂ ਦੇ ਰਹੇ ਹਨ, ਪਰ ਅਜੇ ਉਹ ਆਪਣੀ ਯੋਗਤਾ ਅਤੇ ਸਰੀਰਕ ਸ਼ਕਤੀ ਨਾਲ ਹੋਰ ਵਧੇਰੇ ਸੇਵਾ ਕਰ ਸਕਦੇ ਹਨ ਅਤੇ ਅਜਿਹਾ ਉਨਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਸਾਡੀ ਸੁਸਾਇਟੀ ਨੂੰ ਸਿਹਤ ਸਬੰਧੀ ਵੱਡੀਆਂ ਸੇਵਾਵਾਂ ਦੀ ਲੋੜ ਹੈ।
ਘੇਰਲੂ ਜਣੇਪਾ ਦਰ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਜਣੇਪੇ ਦੀ ਦਿੱਤੀ ਜਾਂਦੀ ਮੁਫਤ ਸਹੂਲਤ ਅਤੇ ਇਸ ਦੇ ਨਾਲ ਜੱਚੇ-ਬੱਚੇ ਦੀ ਸਿਹਤ ਲਈ ਦਿੱਤੇ ਹੋਰ ਆਰਥਿਕ ਲਾਭ ਦੇ ਬਾਵਜੂਦ ਵੀ ਜੇਕਰ ਔਰਤਾਂ ਅਜੇ ਬੱਚਿਆਂ ਨੂੰ ਜਨਮ ਘਰ ਦੇ ਅਸਰੁੱਖਿਅਤ ਮਾਹੌਲ ਜਾਂ ਅਣਸਿੱਖਿਅਤ ਹੱਥਾਂ ਵਿਚ ਦਿੰਦੀਆਂ ਹਨ, ਤਾਂ ਸਾਨੂੰ ਇਸ ਲਈ ਹੋਰ ਵਧੀਆ ਪਹੁੰਚ ਅਪਨਾਉਣੀ ਚਾਹੀਦੀ ਹੈ। ਉਨਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜਿੰਨਾਂ ਇਲਾਕਿਆਂ ਵਿਚ ਇਸ ਤਰਾਂ ਦੀ ਸਮੱਸਿਆ ਆ ਰਹੀ ਹੈ, ਉਸ ਵਾਸਤੇ ਪੰਚਾਇਤਾਂ ਦਾ ਸਹਿਯੋਗ ਲੈਣ ਅਤੇ ਲੋੜ ਪੈਣ ’ਤੇ ਮੇਰੀ ਸਹਾਇਤਾ ਲੈਣ। ਇਸ ਤੋਂ ਇਲਾਵਾ ਅੱਜ ਡਿਪਟੀ ਕਮਿਸ਼ਨਰ ਨੇ ਪਰਿਵਾਰ ਕਲਿਆਣ, ਅਲਟਰਾ ਸਾਉਂਡ ਸੈਂਟਰਾਂ ਦੀ ਜਾਂਚ, ਬੱਚਿਆਂ ਦੇ ਟੀਕਾਕਰਨ, ਮਲੇਰੀਆ ਤੇ ਡੇਂਗੂ ਤੋਂ ਬਚਾਅ ਦੇ ਉਪਾਅ, ਆਸ਼ਾ ਵਰਕਰਾਂ ਦੇ ਕੰਮ-ਕਾਰ, ਪੇਂਡੂ ਸਿਹਤ ਤੇ ਸਫਾਈ ਕਮੇਟੀਆਂ ਦਾ ਲੇਖਾ-ਜੋਖਾ, ਮੋਬਾਈਲ ਮੈਡੀਕਲ ਯੂਨਿਟਾਂ ਦੀ ਪ੍ਰਗਤੀ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਹਸਪਤਾਲਾਂ ਦੀ ਸਾਫ-ਸਫਾਈ ਤੇ ਇਮਾਰਤਾਂ ਦਾ ਬਿਊਰਾ, ਡਰੱਗ ਪ੍ਰੋਗਰਾਮ, ਕੈਂਸਰ ਕੰਟਰੋਲ ਪ੍ਰੋਗਰਾਮ ਦਾ ਵਿਸਥਾਰ ਵਿਚ ਜਾਇਜ਼ਾ ਲਿਆ। ਉਨਾਂ ਹਦਾਇਤ ਕੀਤੀ ਕਿ ਸਿਹਤ ਦੇ ਖੇਤਰ ਵਿਚ ਵਧੀਆ ਕੰਮ ਕਰਨ ਵਾਲੇ ਡਾਕਟਰਾਂ ਤੇ ਹੋਰ ਅਮਲੇ ਦਾ ਮਾਣ-ਸਨਮਾਨ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ, ਡਾ. ਪ੍ਰਭਦੀਪ ਕੌਰ ਅਤੇ ਵੱਖ-ਵੱਖ ਹਸਪਤਪਾਲਾਂ ਦੇ ਐਸ.ਐਮ.ਓ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media