ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੇ ਇਰਾਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਅੱਜ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਉਥੋਂ ਨਸ਼ਾ ਛੁਡਾਉਣ ਲਈ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਵੇਖਿਆ। ਸੰਘਾ ਨੇ ਇਸ ਮੌਕੇ ਕੇਂਦਰ ਦੇ ਇੰਚਾਰਜ ਡਾ. ਗਰਗ, ਸਿਵਲ ਸਰਜਨ ਸ੍ਰੀ ਪ੍ਰਦੀਪ ਚਾਵਲਾ ਅਤੇ ਮੁੜ ਵਸੇਬਾ ਕੇਂਦਰ ਦੇ ਇੰਚਾਰਜ ਡਾ. ਪ੍ਰਭਦੀਪ ਕੌਰ ਤੇ ਹੋਰ ਅਧਿਕਾਰੀਆਂ ਨਾਲ ਵਿਸਥਾਰ ਵਿਚ ਗੱਲਬਾਤ ਕਰਕੇ ਇੰਨਾਂ ਕੇਂਦਰਾਂ ਵਿਚ ਕੀਤੇ ਗਏ ਪ੍ਰਬੰਧਾਂ ਨੂੰ ਸਮਝਿਆ।
ਸੰਘਾ ਨੇ ਇਸ ਮੌਕੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਰਾਜ ਨੂੰ ਨਸ਼ਾ ਮੁਕਤ ਕਰਨ ਜਾ ਰਹੀ ਹੈ, ਪਰ ਇਸ ਲਈ ਨਸ਼ਾ ਵੇਚਣ ’ਤੇ ਰੋਕ ਲਗਾਉਣ ਦੇ ਨਾਲ-ਨਾਲ ਨਸ਼ਈਆਂ ਦੇ ਇਲਾਜ ਅਤੇ ਉਨਾਂ ਦੇ ਮੁੜ ਵਿਸੇਬੇ ਦਾ ਪ੍ਰਬੰਧ ਹੋਣਾ ਵੀ ਜ਼ਰੂਰੀ ਹੈ। ਉਨਾਂ ਕਿਹਾ ਕਿ ਇਹ ਕੇਂਦਰ ਉਨਾਂ ਨੌਜਵਾਨਾਂ ਲਈ ਕੰਮ ਕਰ ਰਹੇ ਹਨ, ਜੋ ਕਿ ਨਸ਼ਾ ਛੱਡਣਾ ਚਾਹੁੰਦੇ ਹਨ, ਪਰ ਆਉਣ ਵਾਲੇ ਦਿਨਾਂ ਵਿਚ ਜਦ ਨਸ਼ਾਬੰਦੀ ਕਾਰਨ ਨਸ਼ਾ ਨਾ ਮਿਲਿਆ ਤਾਂ ਮਜ਼ਬੂਰਨ ਹੋਰ ਨੌਜਵਾਨ ਇੱਥੇ ਪਹੁੰਚ ਕਰਨਗੇ, ਇਸ ਲਈ ਇੱਥੇ ਨਸ਼ਾ ਮੁਕਤੀ ਦਾ ਪ੍ਰਬੰਧ ਕਰਨਾ ਵੀ ਨਸ਼ਾਬੰਦੀ ਦੇ ਨਾਲ ਜ਼ਰੂਰੀ ਹੈ। ਉਨਾਂ ਕਿਹਾ ਕਿ ਸਰਕਾਰ ਨੇ ਇਕ ਮਹੀਨੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਤਹਈਆ ਕੀਤਾ ਹੈ ਅਤੇ ਅਸੀਂ ਸਾਰੇ ਮਿਲਕੇ ਇਸਦਾ ਸਾਥ ਦਿਆਂਗੇ।
ਉਨਾਂ ਕਿਹਾ ਕਿ ਮੈਂ ਜਦ ਤੱਕ ਇਸ ਜਿਲ੍ਹੇ ਨੂੰ ਨਸ਼ਾ ਮੁਕਤ ਨਹੀਂ ਕਰ ਲੈਂਦਾ, ਤਦ ਤੱਕ ਦਮ ਨਹੀਂ ਲਵਾਂਗਾ। ਇਸ ਤੋਂ ਪਹਿਲਾਂ ਉਨਾਂ ਮੁੜ ਵਿਸੇਬਾ ਕੇਂਦਰ ਦਾ ਦੌਰਾ ਕਰਕੇ ਉਥੇ ਵੀ ਕੀਤੇ ਗਏ ਪ੍ਰਬੰਧਾਂ ਨੂੰ ਵੇਖਿਆ। ਦੱਸਣਯੋਗ ਹੈ ਕਿ ਜਿਲ੍ਹੇ ਦੀ ਵਾਗਡੋਰ ਸੰਭਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਦੂਸਰੀ ਵਾਰ ਇਸ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰ ਚੁੱਕੇ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media