ਫਾਜ਼ਿਲਕਾ, 28 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਅੱਜ ਇੱਥੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵੱਖ ਵੱਖ ਹੁਕਮ ਜਾਰੀ ਕੀਤੇ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਈਸ਼ਾ ਕਾਲੀਆਂ ਨੇ ਕਿਹਾ ਕਿ ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੋ ਕਾਨੂੰਨੀ ਤੌਰ ਤੇ ਰੇਤੇ ਦੀ ਢੋਆ-ਢੁਆਈ ਕਰੇਗਾ ਉਸ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲ੍ਹੇ ਭਰ ’ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ( ਜਨਰਲ ), ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਐਸ.ਡੀ.ਐਮ, ਸਹਾਇਕ ਕਮਿਸ਼ਨਰ ਅਤੇ ਡਰੇਨਜ਼ ਵਿਭਾਗ ਨਾਲ ਸਬੰਧਤ ਵੱਖ-ਵੱਖ 13 ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਚੈਕਿੰਗ ਨੂੰ ਯਕੀਨੀ ਬਣਾਉਣਗੇ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ ਅਤੇ ਪੁਲਸ ਵਿਭਾਗ ਵੱਲੋਂ ਐਸਪੀ ਇੰਨਵਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਗੈਰ-ਕਾਨੂੰਨੀ ਰੇਤੇ ਦੀ ਮਾਈਨਿੰਗ ਨੂੰ ਰੋਕਣ ਸਬੰਧੀ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।ਉਨ੍ਹਾਂ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਇਸ ਸਮੇਂ ਜ਼ਿਲ੍ਹੇ ਅੰਦਰ ਕੋਈ ਵੀ ਰੇਤੇ ਦੀ ਕਾਨੂੰਨੀ ਖੱਡ ਮੌਜੂਦ ਨਹੀਂ ਹੈ, ਪਰ ਜੇਕਰ ਜ਼ਿਲ੍ਹੇ ਅੰਦਰ ਕਿਤੇ ਵੀ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਦੀ ਸੂਚਨਾ ਜਾਂ ਖਦਸ਼ਾ ਹੋਵੇ, ਉਥੇ ਤੁਰੰਤ ਚੈਕਿੰਗ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ । ਉਨਾਂ ਦੱਸਿਆ ਕਿ ਗੁਆਂਢੀ ਜ਼ਿਲ੍ਹਾ ਫਿਰੋਜ਼ਪੁਰ ਜਾਂ ਮੋਗਾ ਆਦਿ ਦੀਆਂ ਮੰਜ਼ੂਰਸ਼ੁਦਾ ਖੱਡਾ ਤੋਂ ਜੇਕਰ ਕੋਈ ਵਹੀਕਲ ਰੇਤੇ ਦੀ ਢੋਆ-ਢੁਆਈ ਲਈ ਜ਼ਿਲ੍ਹੇ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਉਸ ਵ੍ਹੀਕਲ ਦੀ ਪੂਰੀ ਚੈਕਿੰਗ ਕੀਤੀ ਜਾਵੇ। ਉਨਾਂ ਦੱਸਿਆ ਕਿ ਸ਼ੱਕੀ ਵ੍ਹੀਕਲ ਦੀ ਜਾਂਚ ਲਈ ਮਾਈਨਿੰਗ ਵਿਭਾਗ ਵੱਲੋਂ ਮੰਜ਼ੂਰਸ਼ੁਦਾ ਖੱਡ ਦੇ ਸਥਾਨ ਅਤੇ ਪਰਚੀ ਦੇ ਲੜੀ ਨੰ. ਤੋਂ ਪਤਾ ਲਗਾਇਆ ਜਾ ਸਕੇਗਾ ਕਿ ਮਾਈਨਿੰਗ ਕਰਕੇ ਲਿਆਂਦਾ ਜਾ ਰਿਹਾ ਰੇਤਾ ਮੰਜ਼ੂਰਸ਼ੁਦਾ ਖੱਡ ਦਾ ਹੈ ਜਾਂ ਗੈਰ-ਕਾਨੂੰਨੀ ਖੱਡ ਦਾ ਹੈ।ਉਨ੍ਹਾਂ ਜ਼ਿਲ੍ਹੇ ਨਾਲ ਸਬੰਧਤ ਟਰੱਕ ਯੂਨੀਅਨ, ਟਰੈਕਟਰ ਟਰਾਲੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਲਈ ਆਪਣੇ ਵ੍ਹੀਕਲਾਂ ਦੀ ਵਰਤੋਂ ਨਾ ਕਰਨ ਦੇਣ ਅਤੇ ਨਾ ਹੀ ਵ੍ਹੀਕਲਾਂ ’ਚ ਓਵਰਲੋਡ ਢੋਆ-ਢੁਆਈ ਕੀਤੀ ਜਾਵੇ। ਉਨਾਂ ਜੇਸੀਬੀ ਮਸ਼ੀਨਾਂ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਮਸ਼ੀਨਾਂ ਗੈਰ-ਕਾਨੂੰਨੀ ਮਾਈਨਿੰਗ ਕਰਨ ਲਈ ਨਾ ਵਰਤਣ। ਉਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ’ਚ ਗੈਰ-ਕਾਨੂੰਨੀ ਮਾਈਨਿੰਗ ਨਾ ਹੋਣ ਦੇਣ।ਜੇਕਰ ਕੋਈ ਸ਼ਾਮਲਾਟ ਜ਼ਮੀਨ ’ਚੋਂ ਗੈਰ-ਕਾਨੂੰਨੀ ਮਾਈਨਿੰਗ ਕਰਦਾ ਹੈ ਤਾਂ ਸਬੰਧਤ ਪੰਚਾਇਤ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ।ਇਸ ਤੋਂ ਇਲਾਵਾ ਕਿਸਾਨ ਆਪਣੀ ਜ਼ਮੀਨ ’ਚੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਕਰੇਗਾ, ਤਾਂ ਉਸ ਦੇ ਮਾਲਕ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੇਤੇ ਦੀ ਗੈਰ ਕਾਨੂੰਨੀ ਨਿਕਾਸੀ ਸਬੰਧੀ ਕਿਸੇ ਵੀ ਤਰਾਂ ਦੀ ਸੂਚਨਾਂ ਜਾਂ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫਰੀ ਨੰਬਰ 01638-260555 ਲੂ‘ਤੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਬੰਧਤ ਪਿੰਡਾਂ ਦੇ ਪਟਵਾਰੀ, ਕਾਨੂੰਗੋ ਅਤੇ ਪੰਚਾਇਤ ਸੈਕਟਰੀ ਆਪੋ-ਆਪਣੇ ਇਲਾਕੇ ’ਚ ਗੈਰ-ਕਾਨੂੰਨੀ ਮਾਈਨਿੰਗ ’ਤੇ ਨਜ਼ਰ ਰੱਖਣਗੇ।ਜੇਕਰ ਸਬੰਧਤ ਅਧਿਕਾਰੀ ਦੇ ਖੇਤਰ ’ਚ ਮਾਈਨਿੰਗ ਹੋ ਰਹੀ ਹੈ ਤਾਂ ਕਰਮਚਾਰੀ ਇਸ ਬਾਰੇ ਸਬੰਧਤ ਐਸ ਡੀ ਐਮ ਦਫ਼ਤਰ ਨੂੰ ਸੂਚਨਾ ਦੇਣ ’ਚ ਅਸਮਰੱਥ ਰਹਿੰਦਾ ਹੈ ਤਾਂ ਸਬੰਧਤ ਪਟਵਾਰੀ, ਕਾਨੂੰਗੋ ਅਤੇ ਪੰਚਾਇਤ ਸੈਕਟਰੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਐਸ ਡੀ ਐਮਜ਼ ਨੂੰ ਹੁਕਮ ਦਿੱਤੇ ਕਿ ਪਿੰਡਾਂ ਦੇ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾਵੇ ਕਿ ਉਹ ਕਿਸੇ ਵੀ ਤਰਾਂ ਦੀ ਗੈਰ ਕਾਨੂੰਨੀ ਰੇਤ ਦੀ ਨਿਕਾਸੀ ਨਾ ਕਰਨ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ ਕੇਤਨ ਬਾਲੀਰਾਮ ਪਾਟਿਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਰਨੈਲ ਸਿੰਘ, ਐਸਪੀ ਇੰਨਵਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਸਹਾਇਕ ਕਮਿਸ਼ਨਰ ਜਗਦੀਪ ਸਹਿਗਲ, ਐਸ.ਡੀ.ਐਮ ਫਾਜ਼ਿਲਕਾ ਵਿਨੋਦ ਕੁਮਾਰ ਬਾਂਸਲ, ਐਸ.ਡੀ.ਐਮ ਅਬੋਹਰ ਜਸਪ੍ਰੀਤ ਸਿੰਘ, ਐਸ.ਡੀ.ਐਮ ਜਲਾਲਾਬਾਦ ਅਵਿਕੇਸ਼ ਗੁਪਤਾ, ਜੀਐਮ ਇੰਡਸਟਰੀ ਗੁਰਜੰਟ ਸਿੰਘ ਸਿੱਧੂ, ਮਾਈਨਿੰਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਟਰੱਕ ਯੂਨੀਅਨਜ਼, ਟਰੈਕਟਰ ਟਰਾਲੀ ਯੂਨੀਅਨਜ਼, ਜੇਸੀਬੀ ਮਸ਼ੀਨਾਂ ਦੇ ਮਾਲਕ ਅਤੇ ਪਿੰਡਾਂ ਦੇ ਸਰਪੰਚ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media