ਧੂਰੀ, 31 ਮਾਰਚ (ਪ੍ਰਵੀਨ ਗਰਗ, ਵਰਮਾਂ, ਕ੍ਰਿਸ਼ਨ)- ਸਥਾਨਕ ਧੂਰੀ ਕਹੇਰੂ ਸੜਕ ਤੇ ਓਵਰ ਬਰਿੱਜ ਦੇ ਨਾਲ ਗੁਰੂ ਨਾਨਕ ਕੋਲਡ ਸਟੋਰ ਵਿੱਚ ਗੈਸ ਸਿਲੰਡਰ ਫੱਟਣ ਨਾਲ ਹੋਏ ਵੱਡੇ ਧਮਾਕੇ ਵਿੱਚ ਜਿੱਥੇ ਕੋਲਡ ਸਟੋਰ ਦੀ ਬਿਲਡਿੰਗ ਗਿਰਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਉਥੇ 25 ਵਿਅਕਤੀ ਫੱਟੜ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਕੋਲਡ ਸਟੋਰ ਵਿੱਚ ਸਵੇਰੇ 11 ਵਜੇ ਦੇ ਕਰੀਬ ਹੋਏ ਵੱਡੇ ਧਮਾਕੇ ਨਾਲ ਕੋਲਡ ਸਟੋਰ ਵਿੱਚ ਪਏ ਮਾਲ ਨੂੰ ਅੱਗ ਲੱਗ ਗਈ ਅਤੇ ਛੱਤਾਂ ਡਿੱਗਣ ਕਾਰਨ ਸਟੋਰ ਵਿੱਚ ਕੰਮ ਕਰਦੇ ਮਜਦੂਰ ਅਤੇ ਆਪਣੇ ਆਲੂ ਰੱਖਣ ਆਏ ਕਿਸਾਨ ਜਖਮੀ ਹੋ ਗਏ, ਜਿੰਨਾਂ ਵਿੱਚ ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੇਖਾ ਅਤੇ ਪੱਪੀ ਪੁੱਤਰ ਕਿਸ਼ੋਰੀ ਲਾਲ ਵਾਸੀ ਖੁਰਦ ਦੀ ਮੌਤ ਹੋ ਗਈ। ਇਸ ਘਟਨਾ ’ਚ ਜਖਮੀ ਹੋਏ ਮਰੀਜਾਂ ਅਤੇ ਆਲੇ ਦੁਆਲੇ ਅਮੋਨੀਆ ਗੈਸ ਚੜ੍ਹਣ ਕਾਰਨ ਬੇਹੋਸ਼ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਐਸ.ਐਮ.ਓ ਡਾ. ਕਰਨੈਲ ਸਿੰਘ, ਡਾ. ਸੁਖਬੀਰ ਸਿੰਘ, ਡਾ. ਪ੍ਰਭਸਿਮਰਨ ਸਿੰਘ, ਡਾ. ਨਿਸ਼ਾ, ਡਾ. ਆਰਤੀ ਸਿੰਘ, ਡਾ. ਪਰਗਟ ਸਿੰਘ ਨੇ ਫੱਟੜਾਂ ਦੀ ਸਾਂਭ ਸੰਭਾਲ ਕੀਤੀ ਅਤੇ ਮੁਢਲੀ ਸਹਾਇਤਾ ਕੀਤੀ, ਜਿੰਨ੍ਹਾਂ ਵਿੱਚੋਂ ਚਾਰ ਜਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ। ਕੋਲਡ ਸਟੋਰ ਦੇ ਨੇੜੇ ਰਹਿੰਦੀ ਅਮਰਜੀਤ ਕੌਰ ਦਾ ਮਕਾਨ ਵੀ ਢਹਿਣ ਕਾਰਨ ਉਹ ਵੀ ਜਖਮੀ ਹੋ ਗਈ, ਉਸ ਨੇ ਦੱਸਿਆ ਕਿ ਉਹ ਆਪਣੇ ਮਕਾਨ ਅੰਦਰ ਕੰਮ ਕਰ ਰਹੀ ਸੀ ਅਤੇ ਅਚਾਨਕ ਹੀ ਵੱਡਾ ਧਮਾਕਾ ਹੋਇਆ ਅਤੇ ਉੋਸਦਾ ਘਰ ਢਹਿ-ਢੇਰੀ ਹੋ ਗਿਆ।
ਮੌਕੇ ਤੇ ਡਿਪਟੀ ਕਮਿਸ਼ਨਰ ਸੰਗਰੂਰ ਅਮਰ ਪ੍ਰਤਾਪ ਸਿੰਘ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ, ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਜੱਸੀ ਸੇਖੋ ਨੇ ਮੌਕੇ ਤੇ ਪੁੱਜ ਕੇ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ।
ਉਪਰੰਤ ਸਿਵਲ ਹਸਪਤਾਲ ਧੂਰੀ ਵਿਖੇ ਜਿਲ੍ਹਾ ਸਰਜਨ ਡਾ. ਸੁਬੋਧ ਗੁਪਤਾ ਨੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਸਿਹਤ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਉਨ੍ਹਾ ਕਿਹਾ ਕਿ ਮਰੀਜਾਂ ਦੇ ਇਲਾਜ ’ਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿਵਲ ਹਸਪਤਾਲ ਧੂਰੀ ਵਿਖੇ ਸਾਬਕਾ ਵਿਧਾਇਕਾ ਹਰਚੰਦ ਕੌਰ ਘਨੌਰੀ ਨੇ ਜਿੱਥੇ ਮਰੀਜਾਂ ਦਾ ਹਾਲ ਚਾਲ ਪੁੱਛਿਆ.

ਮੌਕੇ ਤੇ ਪੁੱਜੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਇਸ ਹੋਏ ਹਾਦਸੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ’ਚ ਲਿਆਉਣਗੇ ਅਤੇ ਹਰੇਕ ਪੀੜਤ ਅਤੇ ਜਖਮੀ ਨੂੰ ਮਾਲੀ ਮੱਦਦ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋ ਵਾਪਰੀ ਇਸ ਕੁਦਰਤੀ ਹਾਦਸੇ ’ਤੇ ਇਲਾਕੇ ’ਚ ਵੱਡੀ ਗਿਣਤੀ ’ਚ ਆਪਣੇ ਟੀਮ ਦੇ ਮੈਂਬਰਾਂ ਨੂੰ ਬੁਲਾ ਕੇ ਮੌਕੇ ਤੇ ਰਾਹਤ ਕਾਰਜਾਂ ’ਚ ਜੁੱਟਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਉਧਰ ਮੌਕੇ ਤੇ ਪੁੱਜੇ ਜਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ, ਐੱਸ.ਡੀ.ਐੱਮ ਧੂਰੀ ਅਮਰਿੰਦਰ ਸਿੰਘ ਟਿਵਾਣਾ, ਡੀ.ਐੱਸ.ਪੀ. ਧੂਰੀ ਕਰਨਸ਼ੇਰ ਸਿੰਘ ਢਿੱਲੋਂ, ਐੱਸ.ਐੱਚ.ਓ ਹਰਜਿੰਦਰ ਸਿੰਘ, ਐੱਸ.ਐੱਚ.ਓ ਸ਼ੇਰਪੁਰ ਮਲਕੀਤ ਸਿੰਘ ਚੀਮਾਂ, ਐੱਸ.ਐੱਚ.ਓ ਸਦਰ ਪਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਅਮਰੀਕ ਸਿੰਘ, ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਦਾਸ ਵੀ ਮੌਕੇ ਤੇ ਪੁੱਜੇ।
ਇਸ ਹਾਦਸੇ ’ਚ ਗੁਰਪ੍ਰੀਤ ਸਿੰਘ ਸੇਖਾ, ਪਰਮਜੀਤ ਸਿੰਘ ਉਰਫ ਪੱਪੀ ਪੁੱਤਰ ਕਿਸ਼ੋਰੀ ਲਾਲ ਵਾਸੀ ਖੁਰਦ ਦੀ ਮੌਤ ਹੋ ਗਈ।ਜਦਕਿ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ, ਜਸਵੀਰ ਕੌਰ ਪਤਨੀਂ ਗੁਰਪ੍ਰੀਤ ਸਿੰਘ, ਸੁਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਦਲਜੀਤ ਕੌਰ ਪਤਨੀਂ ਕੇਸਰ ਸਿੰਘ, ਪਰਮਜੀਤ ਕੌਰ ਪਤਨੀਂ ਦਲਵੀਰ ਸਿੰਘ, ਸਤਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ, ਗਗਨਜੀਤ ਕੌਰ ਪੁੱਤਰੀ ਮਨਜੀਤ ਸਿੰਘ, ਹਰਪ੍ਰੀਤ ਕੌਰ ਪਤਨੀਂ ਜਗਸੀਰ ਸਿੰਘ, ਬਲਵਿੰਦਰ ਕੌਰ ਪਤਨੀਂ ਸੁਦਾਗਰ ਸਿੰਘ, ਕੁਲਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਸੰਦੀਪ ਸਿੰਘ ਪੁੱਤਰ ਸੰਸਾਰ ਸਿੰਘ, ਤਰਸੇਮ ਪੁੱਤਰ ਗਿੰਦਰ, ਜਸਵੀਰ ਕੌਰ, ਸਰਬਜੀਤ ਪੁੱਤਰ ਸੁਭਾਸ, ਸੁਰੇਸ਼ ਪੁੱਤਰ ਸੁਖਦੇਵ, ਕਰਨੈਲ ਪੁੱਤਰ ਗੁਰਦਿਆਲ ਸਿੰਘ, ਅਸ਼ੋਕ ਪਾਸਵਾਨ ਪੁੱਤਰ ਜਵਾਹਰ ਪਾਸਵਾਨ, ਬਹਾਦਰ ਪੁੱਤਰ ਦਰਸ਼ਨ, ਮਨੋਜ ਪੁੱਤਰ ਅਨੂਪੀ, ਵਿਜੇ ਕੁਮਾਰ ਪੁੱਤਰ ਸੋਮ ਨਾਥ, ਚਮਨ ਲਾਲ ਪੁੱਤਰ ਸੋਮ ਨਾਥ, ਬੰਟੀ ਪੁੱਤਰ ਚਮਨ ਲਾਲ, ਹਰਵਰ ਪੁੱਤਰ ਹਰਦੇਵ ਸਿੰਘ, ਕੁਲਬੀਰ ਸਿੰਘ ਪੁੱਤਰ ਦਰਸ਼ਨ ਸਿੰਘ, ਅਮਰਜੀਤ ਕੌਰ ਪਤਨੀਂ ਕੁਲਦੀਪ ਸਿੰਘ
Punjab Post Daily Online Newspaper & Print Media