Thursday, June 25, 2026

ਹਮਾਇਤ ਲੈਣ ਸਿਰਸਾ ਸਾਧ ਦੇ ਡੇਰੇ ਜਾਣ ਵਾਲੇ ਲੀਡਰ 17 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਤਖਤਾਂ ਦੇ ਜਥੇਦਾਰਾਂ ਨੇ ਇਕੱਤਰਤਾ ‘ਚ ਕਈ ਮਸਲੇ ਵਿਚਾਰੇ- ਜਗਦੀਸ਼ ਝੀਂਡਾ ਨੂੰ ਮੁਆਫੀ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਿਤੀ 22 ਚੇਤ ਸੰਮਤ ਨਾਨਕਸ਼ਾਹੀ 549 ਮੁਤਾਬਿਕ (4 ਅਪ੍ਰੈਲ 2017) ਦਿਨ ਮੰਗਲਵਾਰ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਸ਼ਾਮਲ ਹੋਏ।ਇਕੱਤਰਤਾ ਦੌਰਾਨ ਸਿਰਸਾ ਸਾਧ ਦੇ ਡੇਰੇ ‘ਤੇ ਵੋਟਾਂ ਮੰਗਣ ਜਾਣ ਦੇ ਅਹਿਮ ਮੁੱਦੇ ਤੋਂ ਇਲਾਵਾ ਵੱਖ-ਵੱਖ ਮਸਲਿਆਂ ‘ਤੇ ਵਿਚਾਰ ਵਟਾਂਦਰੇ ਉਪਰੰਤ ਕਈ ਮਤੇ ਪਾਸ ਕੀਤੇ ਗਏ।akal takht
ਪਾਸ ਕੀਤੇ ਗਏ ਪਹਿਲੇ ਮਤੇ ‘ਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਨੂੰ ਵਿਚਾਰਨ ਉਪਰੰਤ ਦੀਰਘ ਵਿਚਾਰਾਂ ਕਰਕੇ ਫੈਸਲਾ ਕੀਤਾ ਗਿਆ ਕਿ ਵੋਟਾਂ ਖਾਤਰ ਪਾਖੰਡੀ ਸਿਰਸੇ ਅਸਾਧ ਦੇ ਡੇਰੇ ਜਾਣ ਵਾਲੇ ਸਾਰੇ ਵਿਅਕਤੀ ਮਿਤੀ 5 ਵੈਸਾਖ ਸੰਮਤ ਨਾਨਕਸ਼ਾਹੀ 549 ਮੁਤਾਬਿਕ (17 ਅਪ੍ਰੈਲ 2017) ਦਿਨ ਸੋਮਵਾਰ ਨੂੰ 12 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਦੇਣ।
ਦੂਜੇ ਮਤੇ ‘ਚ ਵੱਖ-ਵੱਖ ਵਿਦਿਵਾਨਾਂ ਵੱਲੋਂ ਲਿਖੇ ਗੁਰ-ਇਤਿਹਾਸ, ਸਿੱਖ ਇਤਿਹਾਸ ਸਬੰਧੀ ਗ੍ਰੰਥਾਂ, ਪੁਸਤਕਾਂ ਵਿਚ ਅਨੇਕ ਪ੍ਰਕਾਰ ਦੇ ਸ਼ੰਕੇ ਪੈਦਾ ਕੀਤੇ ਗਏ ਹਨ, ਇਸ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਵਿਦਵਾਨਾਂ ਦੀ ਕਮੇਟੀ ਬਣਾ ਕੇ ਗੁਰ-ਇਤਿਹਾਸ ਨੂੰ ਸੋਧਿਆ ਜਾਵੇ ਅਤੇ ਸੰਗਤਾਂ ਵਿਚ ਗੁਰਬਾਣੀ, ਗੁਰਮਤਿ ਦੀ ਕਸਵੱਟੀ ਉਪਰ ਉਤਰਣ ਵਾਲਾ ਇਤਿਹਾਸ ਛਪਵਾ ਕੇ ਮੁਹੱਈਆ ਕਰਵਾਇਆ ਜਾਵੇ ਅਤੇ ਉਸ ਅਨੁਸਾਰ ਹੀ ਧਾਰਮਿਕ ਸਟੇਜਾਂ ਉਪਰ ਪ੍ਰਚਾਰ ਕੀਤਾ ਜਾਵੇ। ਪੰਜ ਸਿੰਘ ਸਾਹਿਬਾਨ ਵੱਲੋਂ ਸਮੂੰਹ ਕਥਾਂ-ਵਾਚਕਾਂ, ਪ੍ਰਚਾਰਕਾਂ ਅਤੇ ਰਾਗੀ-ਢਾਡੀ, ਕਵੀਸ਼ਰ ਸਾਹਿਬਾਨਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਸਟੇਜਾਂ ਉਪਰ ਕੋਈ ਵੀ ਐਸੀ ਗੱਲ ਜਿਸ ਨਾਲ ਪੰਥ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ ਨਾ ਕੀਤੀ ਜਾਵੇ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਨਾ ਪੇਸ਼ ਕੀਤਾ ਜਾਵੇ ਅਤੇ ਗੁਰੂ ਕੇੇ ਪਾਵਨ ਅਸਥਾਨਾਂ ਸਬੰਧੀ ਗਲਤ ਬਿਆਨਬਾਜੀ ਨਾ ਕੀਤੀ ਜਾਵੇ। ਇਸ ਪੁਰ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ।
ਤੀਜੇ ਮਤੇ ‘ਚ ਸੰਗਤਾਂ ਵੱਲੋਂ ਆਈਆਂ ਪੱਤ੍ਰਕਾਵਾਂ ਉਪਰ ਦੀਰਘ ਵਿਚਾਰ ਕਰਦਿਆਂ ਫੈਸਲਾ ਕੀਤਾ ਗਿਆ ਕਿ ਪੰਜ ਪਿਆਰਿਆਂ ਦੀ ਸੇਵਾ ਵਿਚ ਓਹੀ ਪੰਜ ਸਿੰਘ ਰੋਲ ਨਿਭਾ ਸਕਦੇ ਹਨ ਜਿਹੜੇ ਪੰਜ ਕਕਾਰਾਂ ਦੇ ਧਾਰਨੀ, ਅੰਮ੍ਰਿਤਧਾਰੀ, ਰਹਿਤਵਾਨ, ਪੰਜ ਬਾਣੀਆਂ ਜਬਾਨੀ ਯਾਦ ਹੋਣ ਅਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਭੈ-ਭਾਵਨਾ ਵਿਚ ਵਿਚਰਣ ਵਾਲੇ ਹੋਣ। ਉਹੀ ਪੰਜ ਸਿੰਘ ਪੰਜ ਪਿਆਰਿਆਂ ਦੀ ਸੇਵਾ ਵਿਚ ਰੋਲ ਨਿਭਾ ਸਕਦੇ ਹਨ। ਨਕਲੀ ਭੇਸ ਬਣਾ ਕੇ ਕੋਈ ਐਕਟਰ ਇਹ ਰੋਲ ਨਹੀਂ ਨਿਭਾ ਸਕਦਾ, ਇਸਦੀ ਪੂਰਨ ਤੌਰ ’ਤੇ ਪਾਬੰਧੀ ਹੈ।
ਚੌਥੇ ਮਤੇ ‘ਚ ਸੰਗਤਾਂ ਵੱਲੋਂ ਆਈਆਂ ਪੱਤ੍ਰਕਾਵਾਂ ਸਬੰਧੀ ਦੀਰਘ ਵਿਚਾਰਾਂ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਸਿਰਪਾਓ ਦੀ ਮਹਾਨਤਾ ਨੂੰ ਗੁਰਮਤਿ ਅਨੁਸਾਰ ਬਰਕਰਾਰ ਰੱਖਿਆ ਜਾਵੇ। ਜੋ ਰਾਜਨੀਤਿਕ ਪਾਰਟੀਆਂ ਆਪਣੇ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲਈ ਸਿਰਪਾਓ ਦੀ ਵਰਤੋ ਕਰਦੀਆਂ ਹਨ ਉਹ ਪਾਰਟੀਆਂ ਆਪਣਾ ਵੱਖਰਾ ਪਾਰਟੀ-ਚਿੰਨ ਬਣਾਉਣ।ਪੰਜ ਸਿੰਘ ਸਾਹਿਬਾਨ ਵੱਲੋਂ ਰਾਜਨੀਤਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਰਪਾਓ ਦੀ ਵਰਤੋਂ ‘ਤੇ ਪੂਰਨ ਪਾਬੰਧੀ ਲਗਾਈ ਜਾਂਦੀ ਹੈ।
ਪੰਜਵੇਂ ਮਤੇ ‘ਚ ਦੇਸ਼-ਵਿਦੇਸ਼ ਵਿਚ ਨਵਾਂ ਗੁੁਰਦੁਆਰਾ ਸਾਹਿਬ ਬਿਨਾਂ ਆਗਿਆ ਬਣਾਉਣ ਸਬੰਧੀ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਬੰਧੀ ਲਗਾਈ ਗਈ ਹੈ ਪਰ ਫਿਰ ਵੀ ਕੁਝ ਅਖੌਤੀ ਲੋਕ ਕਿਸੇ ਕਾਰਨ ਸੰਗਤਾਂ ਵੱਲੋਂ ਨਕਾਰ ਦਿੱਤੇ ਜਾਂਦੇ ਹਨ ਉਹ ਲੋਕ ਨਿੱਜੀ ਸਵਾਰਥਾਂ ਲਈ ਜਾਂ ਜਾਤੀ ਦੇ ਅਧਾਰ ‘ਤੇ ਗੁਰਦੁਆਰਾ ਸਾਹਿਬ ਬਣਾ ਰਹੇ ਹਨ, ਉਨ੍ਹਾਂ ਨੂੰ ਸਖ਼ਤ ਤਾੜਨਾ ਕੀਤੀ ਜਾਂਦੀ ਹੈ ਕਿ ਕੋਈ ਦੇਸ਼-ਵਿਦੇਸ਼ ਬਿਨ੍ਹਾਂ ਆਗਿਆ ਗੁਰਦੁਆਰਾ ਸਾਹਿਬ ਦੀ ਇਮਾਰਤ ਨਾ ਉਸਾਰਣ। ਜਿਹੜਾ ਇਸ ਆਦੇਸ਼ ਨੂੰ ਨਹੀਂ ਮੰਨੇਗਾ ਉਸ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਛੇਵੇਂ ਮਤੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1 ਸਾਵਣ ਸੰਮਤ ਨਾਨਕਸ਼ਾਹੀ 546 ਮੁਤਾਬਿਕ 16 ਜੁਲਾਈ 2014, ਦਿਨ ਬੁੱਧਵਾਰ ਨੂੰ ਹੋਏ ਹੁਕਮਨਾਮੇ ਅਨੁਸਾਰ ਜਗਦੀਸ਼ ਸਿੰਘ (ਝੀਂਡਾ) ਹਰਿਆਣਾ ਕੋਲੋਂ ਸਿੱਖੀ ਦੇ ਸਾਰੇ ਹੱਕ ਹਕੂਕ ਖੋਹ ਲਏ ਗਏ ਸਨ। ਅੱਜ ਮਿਤੀ 22 ਚੇਤ ਸੰਮਤ ਨਾਨਕਸ਼ਾਹੀ 549 ਮੁਤਾਬਿਕ  (4 ਅਪ੍ਰੈਲ 2017) ਦਿਨ ਮੰਗਲਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਹਾਜਰ ਹੋ ਕੇ ਲਿਖਤੀ ਰੂਪ ਵਿਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ ਦੀ ਭਾਵਨਾ ਪ੍ਰਗਟਾਈ ਹੈ।ਸੋ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰ ਕਰਨ ਉਪਰੰਤ ਇਨ੍ਹਾਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ।ਇਹ ਗੁਰਦੁਆਰਾ ਪਾ: ਛੇਵੀਂ ਥਨੇਸਰ, ਕੁਰਕਸ਼ੇਤਰ (ਹਰਿਆਣਾ) ਵਿਖੇ ਇੱਕ ਸ੍ਰੀ ਅਖੰਡਪਾਠ ਸਾਹਿਬ ਕਰਵਾਉਣਾ ਅਤੇ ਗੁਰਬਾਣੀ ਸਰਵਣ ਕਰਨੀ ਅਤੇ ਹੱਥੀਂ ਸੇਵਾ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਇੱਕ ਘੰਟਾ ਬਰਤਨਾਂ ਦੀ ਸੇਵਾ ਕਰਕੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ 101 ਰੁਪਏ ਦੇ ਦੇਗ ਲੈ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ।
ਸਤਵੇਂ ਮਤੇ ‘ਚ ਭਾਈ ਸਤਨਾਮ ਸਿੰਘ ਮੁਖੀ ਨੀਲਧਾਰੀ ਸੰਪਰਦਾਇ ਵੱਲੋਂ ਪਿਛਲੇ ਦਿਨੀ ਪ੍ਰਚਾਰ ਸਮੇਂ ਗੁਰੂ ਸਾਹਿਬਾਨ ਦੇ ਪਰਿਵਾਰ ਸਬੰਧੀ ਜੋ ਸ਼ਬਦਾਵਲੀ ਵਰਤੀ ਗਈ, ਉਸ ਦੇ ਸਬੰਧ ਵਿਚ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਹੋਇਆਂ ਅਨੇਕਾਂ ਇਤਿਹਾਸਕ ਪ੍ਰਮਾਣ ਵੀ ਦਿੱਤੇ ਅਤੇ ਸਮੁੱਚੇ ਸਿੱਖ ਪੰਥ ਕੋਲੋਂ ਲਿਖਤੀ ਮੁਆਫੀ ਵੀ ਮੰਗੀ। ਪੰਜ ਸਿੰਘ ਸਾਹਿਬਾਨ ਵੱਲੋਂ ਲਿਖਤੀ ਮੁਆਫੀਨਾਮਾ ਪ੍ਰਵਾਨ ਕੀਤਾ ਗਿਆ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply