ਲਾਲੀ ਮਜੀਠੀਆ ਵੱਲੋਂ ਲਗਾਏ ਦੋਸ਼ਾਂ ਨੂੰ ਛੀਨਾ ਨੇ ਦੱਸਿਆ ਬੇਬੁਨਿਆਦ ਤੇ ਝੂਠ ਦਾ ਪੁਲੰਦਾ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਅੱਜ ਕਾਂਗਰਸੀ ਆਗੂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਕੂੜ ਪ੍ਰਚਾਰ ’ਤੇ ਤਿੱਖਾ ਪ੍ਰਤੀਕ੍ਰਮ ਦਿੰਦਿਆ ਜਲਦ ਹੀ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਮੈਨੇਜ਼ਮੈਂਟ ਨੇ ਕਿਹਾ ਕਿ ਲਾਲੀ ਵੱਲੋਂ ਲਗਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਹਨ। ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਲਾਲੀ ਦੇ ਮਨ ਦੀ ਉਪਜ਼ ਦੱਸਿਆ।
ਲਾਲੀ ਮਜੀਠੀਆ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਮੈਨੇਜ਼ਮੈਂਟ ਪ੍ਰਮੁੱਖ ਅਹੁਦੇਦਾਰਾਂ ਖਿਲਾਫ਼ ਭੰਡੀ ਪ੍ਰਚਾਰ ਕੀਤਾ ਅਤੇ ਇਤਿਹਾਸਕ ਖ਼ਾਲਸਾ ਕਾਲਜ ਦੀ ਦਿੱਖ ਨੂੰ ਢਾਹ ਦੀ ਕੋਸ਼ਿਸ਼ ਕੀਤੀ। ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਲਾਲੀ ਨੇ ਤੱਥਾਂ ਨੂੰ ਤੋੜ-ਮਰੋੜ ਕੇ ਖ਼ਾਲਸਾ ਕਾਲਜ ਦੀ ਮਾਣਮੱਤੀ ਸ਼ਾਨ ਨੂੰ ਠੇਸ ਪਹੁੰਚਾਉਣ ਦੀ ਕੋਝੀ ਹਰਕਤ ਕੀਤੀ। ਸ: ਛੀਨਾ ਨੇ ਕਿਹਾ ਕਿ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ, ਜਿਸ ਉਪਰੰਤ ਜਲਦ ਹੀ ਲਾਲੀ ਅਤੇ ਉਸਦੇ ਸਾਥੀਆਂ ਨੂੰ ਅਦਾਲਤ ’ਚ ਜਵਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ 1892 ’ਚ ਬਣੇ ਖ਼ਾਲਸਾ ਕਾਲਜ ਨੇ ਪਿਛਲੇ 125 ਸਾਲ ’ਚ ਸਮਾਜ ਨੂੰ ਵਿੱਦਿਆ ਪ੍ਰਦਾਨ ਕਰਕੇ ਪੂਰੀ ਦੁਨੀਆ ’ਚ ਆਪਣਾ ਨਾਮ ਰੌਸ਼ਨ ਕੀਤਾ ਹੈ ਪਰ ਕੁਝ ਰਾਜਨੀਤਿਕ ਲੋਕ ਆਪਣੇ ਸੌੜੇ ਹਿੱਤਾਂ ਲਈ ਇਸ ਦੀ ਬੁਨਿਆਦ ਨੂੰ ਹਿਲਾਉਣਾ ਚਾਹੁੰਦੇ ਹਨ, ਜੋ ਕਿ ਉਨ੍ਹਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਲਜ ਸਿੱਖਾਂ ਅਤੇ ਪੂਰੇ ਦੇਸ਼ ਦਾ ਮਾਣ ਹੈ। ਜਿਸ ਨੇ ਹਮੇਸ਼ਾਂ ਹੀ ਆਪਣੀ ਧਰਮ ਨਿਰਪੱਖਤਾ ਅਤੇ ਬਿਨ੍ਹਾਂ ਵਿਤਕਰੇ ਵਾਲੀ ਛਵੀਂ ਬਰਕਰਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਸੋਸਾਇਟੀ 19 ਕਾਲਜ ਅਤੇ ਸਕੂਲ ਚਲਾ ਕੇ ਸਮਾਜ ਨੂੰ ਸਿੱਖਿਆ ਪ੍ਰਦਾਨ ਕਰਕੇ ਆਪਣਾ ਫ਼ਰਜ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਹੀ ਕੜੀ ’ਚ ‘ਖ਼ਾਲਸਾ ਯੂਨੀਵਰਸਿਟੀ’ ਦੀ ਸਥਾਪਨਾ 2016 ’ਚ ਕਰਕੇ ਸੋਸਾਇਟੀ ਨੇ ਉੱਚ ਸਿੱਖਿਆ ਨੂੰ ਆਮ ਲੋਕਾਂ ’ਚ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ ਪਰ ਕੁਝ ਰਾਜਨੀਤਿਕ ਲੋਕ ਮਾੜੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਸਮਾਜ ਹਿੱਤ ਕੰਮਾਂ ’ਤੇ ਬੇਲੋੜਾ ਤੇ ਝੂਠਾ ਪ੍ਰਚਾਰ ਕਰਕੇ ਆਮ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media