ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਦਿਮਾਗੀ ਜਾਂ ਸਰੀਰਕ ਤੌਰ ’ਤੇ ਕਮਜੋਰ ਉਹ ਵਿਅਕਤੀ, ਜਿੰਨਾਂ ਦੀਆਂ ਵਿਸ਼ੇਸ਼ ਲੋੜਾਂ ਹਨ, ਉਹ ਵਿਅਕਤੀ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨਾਂ ਦਾ ਵੀ ਸਾਡੀਆਂ ਜਨਤਕ ਥਾਵਾਂ, ਜਿਵੇਂ ਕਿ ਸਰਕਾਰੀ ਦਫਤਰ, ਹਸਪਤਾਲ, ਸਕੂਲ, ਕਾਲਜ ਆਦਿ ’ਤੇ ਉਨਾਂ ਹੀ ਅਧਿਕਾਰ ਹੈ, ਜਿੰਨਾ ਕਿ ਇਕ ਆਮ ਵਿਅਕਤੀ ਦਾ। ਇਸ ਲਈ ਜ਼ਰੂਰੀ ਹੈ ਕਿ ਸਾਰੀਆਂ ਜਨਤਕ ਥਾਵਾਂ, ਜਿੱਥੇ ਕਿ ਇਕ ਆਮ ਵਿਅਕਤੀ ਆਪਣੀ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਂਦਾ ਹੈ, ਉਨਾਂ ਥਾਵਾਂ ’ਤੇ ਪਹੁੰਚ ਕਰਨ ਦਾ ਰਾਹ ਅਜਿਹੇ ਵਿਅਕਤੀਆਂ ਲਈ ਵੀ ਖੁੱਲਾ ਹੋਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਅਜਿਹੇ ਵਿਅਕਤੀ ਲਈ ਬਣਾਏ ‘ਦਾ ਨੈਸ਼ਨਲ ਟਰੱਸਟ ਐਕਟ 1999 ਦੀ ਸਥਾਨਕ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਕੀਤਾ। ਸ. ਸੰਘਾ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਅਤੇ ਨਿੱਜੀ ਖੇਤਰ ਦੇ ਉਹ ਸਥਾਨ, ਜਿੱਥੇ ਕਿ ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਜਾਣਾ ਪੈਂਦਾ ਹੈ, ਅਜਿਹੇ ਵਿਅਕਤੀਆਂ ਦੀ ਪਹੁੰਚ ਤੋਂ ਦੂਰ ਨਹੀਂ ਰਹਿਣੇ ਚਾਹੀਦੇ। ਉਨਾਂ ਇਸ ਕੰਮ ਲਈ ਸਾਰੇ ਸਰਕਾਰੀ ਦਫਤਰਾਂ, ਸਕੂਲਾਂ, ਕਾਲਜਾਂ ਅਤੇ ਹੋਰ ਜਨਤਕ ਥਾਵਾਂ ’ਤੇ ਰੈਂਪ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਪਖਾਨੇੇ ਬਨਾਉਣ ਦੀ ਹਦਾਇਤ ਕਰਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਕੰਮ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੀ ਰਿਪੋਰਟ ਤਿਆਰ ਕਰਨ ਅਤੇ ਕੰਮ ਸ਼ੁਰੂ ਕਰਨ। ਸ. ਸੰਘਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਕੰਮ ਮੇਰੇ ਦਫਤਰ ਤੋਂ ਸ਼ੁਰੂ ਹੋਵੇ ਅਤੇ ਉਸ ਮਗਰੋਂ ਸਾਰੀਆਂ ਥਾਵਾਂ ’ਤੇ ਇੰਨਾ ਵਧੀਆ ਕੰਮ ਕੀਤਾ ਜਾਵੇ ਕਿ ਅਜਿਹੇ ਵਿਅਕਤੀਆਂ ਦੇ ਆਉਣ-ਜਾਣ ਵਿਚ ਕਿਧਰੇ ਕੋਈ ਅੜਚਣ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਇਸ ਮਗਰੋਂ ਸਾਡੇ ਐਸ. ਡੀ. ਐਮ, ਤਹਿਸੀਲਦਾਰ ਅਤੇ ਹੋਰ ਮਹਿਕਮੇ ਦੇ ਅਧਿਕਾਰੀਆਂ ਨਾਲ ਵੀ ਇਸ ਬਾਬਤ ਮੀਟਿੰਗ ਕੀਤੀ ਅਤੇ ਉਨਾਂ ਨੂੰ ਇਹ ਸਹੂਲਤਾਂ ਆਪਣੇ ਦਫਤਰ ਵਿਚ ਆਪਣੀ ਅਗਵਾਈ ਹੇਠ ਦੇਣ ਦੀ ਹਦਾਇਤ ਕੀਤੀ। ਸ. ਸੰਘਾ ਨੇ ਕਿਹਾ ਕਿ ਅਜਿਹੇ ਲੋਕਾਂ ਲਈ ਕੀਤਾ ਕੰਮ ਵੱਡਾ ਪੁੰਨ ਹੈ ਅਤੇ ਸਾਡਾ ਫਰਜ਼ ਵੀ ਹੈ, ਇਸ ਲਈ ਜ਼ਰੂਰੀ ਹੈ ਕਿ ਇਹ ਕੰਮ ਇਕ ਖਾਨਾਪੂਰਤੀ ਨਾ ਹੋ ਕੇ ਇੰਨਾ ਵਧੀਆ ਕੀਤਾ ਜਾਵੇ ਕਿ ਅਸੀਂ ਇਸ ਕੰਮ ’ਤੇ ਮਾਣ ਕਰ ਸਕੀਏ। ਸ. ਸੰਘਾ ਨੇ ਉਕਤ ਕੰਮ ਦੀ ਪੂਰਤੀ ਲਈ ਐਕਸੀਅਨ ਲੋਕ ਨਿਰਮਾਣ ਵਿਭਾਗ ਨੂੰ ਜ਼ਿੰਮੇਵਾਰੀ ਦਿੰਦੇ ਹੋਏ ਇਸ ਕੰਮ ਨੂੰ ਛੇਤੀ ਸ਼ੁਰੂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਸਮਾਜ ਸਰੁੱਖਿਆ ਅਫਸਰ ਸ. ਪੰਨੂੰ, ਸ੍ਰੀ ਮੰਨਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media