Wednesday, June 10, 2026

ਕਿਸਾਨ ਨਰੋਈ ਖੇਤੀ ਤੇ ਵੱਧ ਮੁਨਾਫੇ ਲਈ ਮੂੰਗੀ ਦੀ ਕਾਸ਼ਤ ਕਰਨ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)-‘ਜੇਕਰ ਕਿਸਾਨ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਵਾਤਾਵਰਣ ਅਤੇ ਰੋਜ਼ੀ-ਰੋਟੀ ਲਈ ਉਪਜਾਊ ਜ਼ਮੀਨ ਵਿਰਸੇ ਵਿਚ ਦੇਣੀ ਹੈ, ਤਾਂ ਇਸ ਲਈ ਉਸਨੂੰ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਹੰਭਲਾ ਮਾਰਨਾ ਪਵੇਗਾ। ਇਸ ਲਈ ਜ਼ਰੂਰੀ ਹੈ ਕਿ ਉਹ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਮਿੱਟੀ ਵਿਚ ਹੀ ਮਿਲਾਵੇ। ’ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਕਣਕ ਦੇ ਖੇਤ ਵਿਚੋਂ ਕਣਕ ਕੱਟਦੇ ਸਾਰ ਹੀ ਕਿਸਾਨ ਮੂੰਗੀ ਦੀ ਬਿਜਾਈ ਕਰਨ, ਜਿਸ ਨਾਲ ਇਕ ਤਾਂ ਖੇਤ ਵਿਚ ਨਾਈਟਰੋਜ਼ਨ ਦਾ ਵਾਧਾ ਹੋਵੇਗਾ ਅਤੇ ਦੂਸਰਾ ਦੇਸ਼ ਵਿਚੋਂ ਦਾਲਾਂ ਦੀ ਲੋੜ ਪੂਰੀ ਹੋਵੇਗੀ। ਇਸ ਤਰਾਂ ਜਿੱਥੇ ਦੇਸ਼ ਦੀ ਅਰਬਾਂ ਰੁਪਏ ਦੀ ਵਿਦੇਸ਼ੀ ਪੂੰਜੀ ਬਚੇਗੀ ਉਥੇ ਕਿਸਾਨ ਨੂੰ ਬਾਸਮਤੀ ਬੀਜਣ ਤੋਂ ਪਹਿਲਾਂ ਪੈਸੇ ਦੀ ਵਟਤ ਪ੍ਰਾਪਤ ਹੋਵੇਗੀ।
ਇਸ ਮੌਕੇ ਹਾਜ਼ਰ ਮੁੱਖ ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਕਿਸਾਨਾਂ ਨੂੰ ਮੂੰਗੀ ਦੀ ਖੇਤੀ ਲਈ ਉਤਸ਼ਾਹਿਤ ਕਰਨ ਵਾਸਤੇ ਖੇਤੀ ਵਿਭਾਗ ਸਬਸਿਡੀ ’ਤੇ ਸੱਠੀ ਮੂੰਗੀ ਦਾ ਬੀਜ਼ ਮਹੁੱਈਆ ਕਰਵਾ ਰਿਹਾ ਹੈ। ਉਨਾਂ ਦੱਸਿਆ ਕਿ ਇਕ ਏਕੜ ਵਿਚ 15 ਕਿਲੋ ਮੂੰਗੀ ਦਾ ਬੀਜ ਪੈਂਦਾ ਹੈ ਅਤੇ ਇਹ 60 ਕੁ ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਤਰਾਂ ਬਾਸਮਤੀ ਬੀਜਣ ਤੋਂ ਪਹਿਲਾਂ ਖੇਤ ਵੀ ਖਾਲੀ ਹੋ ਜਾਂਦਾ ਹੈ ਅਤੇ ਮੂੰਗੀ ਖੇਤ ਵਿਚ ਨਾਈਰੋਜਨ ਦੀ ਭਾਰੀ ਮਾਤਰਾ ਵੀ ਛੱਡ ਜਾਂਦੀ ਹੈ, ਜਿਸ ਨਾਲ ਬਾਸਮਤੀ ਨੂੰ ਨਾਈਟਰੋਜਨ ਦੀ ਖਾਦ ਘੱਟ ਪਾ ਕੇ ਵੇ ਪੈਸੇ ਦੀ ਬਚਤ ਹੁੰਦੀ ਹੈ। ਉਨਾਂ ਦੱਸਿਆ ਕਿ 20 ਮਾਰਚ ਤੋਂ ਬਾਅਦ ਮੂੰਗੀ ਬੀਜਣ ਲਈ ਢੁੱਕਵਾਂ ਸਮਾਂ ਹੈ ਅਤੇ ਕਣਕ ਕੱਟਦੇ ਸਾਰ ਹੀ ਕਿਸਾਨ ਇਹ ਬੀਜ ਸਕਦੇ ਹਨ। ਸ. ਛੀਨਾ ਨੇ ਦੱਸਿਆ ਕਿ ਮੂੰਗੀ ਦਾ ਬੀਜ ਬਲਾਕਾਂ ਵਿਚ ਪਹੁੰਚ ਚੁੱਕਾ ਹੈ ਅਤੇ ਕਿਸਾਨ ਆਪਣੇ-ਆਪਣੇ ਬਲਾਕ ਦੇ ਖੇਤੀ ਅਧਿਕਾਰੀ ਨਾਲ ਬੀਜ ਲੈਣ ਲਈ ਰਾਬਤਾ ਕਰਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply