ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੇ ‘ਉਰਵੀ ਔਡੀਟੋਰੀਅਮ’ ਵਿਖੇ ‘ਖੇਡ ਇਨਾਮ ਵੰਡ’ ਸਮਾਰੌਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਕਾਦਮਿਕ ਤੇ ਖੇਡਾਂ ਦੋਹਾਂ ਪੱਧਰਾਂ ਦੀਆਂ ਜੇਤੂ 422 ਖਿਡਾਰਨਾਂ ਨੂੰ ਇਨਾਮ ਵੰਡੇ ਗਏ।
ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਹਰਵਿੰਦਰ ਸਿੰਘ ਰੰਧਾਵਾ ਸਪੋਰਟਸ ਡਿਪਟੀ ਡਾਇਰੈਕਟਰ ਤੇ ਮੁਖੀ ਸਰੀਰਕ ਸਿੱਖਿਆ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ।ਸਮਾਰੋਹ ਦਾ ਆਗਾਜ ਗੌਰਵ ਤੇ ਮਾਨ ਸਨਮਾਨ ਦੇ ਪ੍ਰਤੀਕ ਡੀ.ਏ.ਵੀ ਗਾਨ ਅਤੇ ਵੇਦ ਮੰਤਰ ਦੇ ਉਚਾਰਨ ‘ਤੇੇ ਨਾਲ ਮੁੱਖ ਮਹਿਮਾਨ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੜਦਿਆਂ ਕਿਹਾ ਕਿ ਇਹ ਇਹ ਬੜੇ ਫਖ਼ਰ ਦੀ ਗੱਲ ਹੈ ਕਿ ਜਿਥੇ ਕਾਲਜ ਨੇ ਅਕਾਦਮਿਕ, ਸਭਿਆਚਾਰਕ ਤੇ ਸੰਸਕ੍ਰਿਤ ਖੇਤਰ ਵਿਚ ਉੱਚ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ ਉਥੇ ਖੇਡਾਂ ਦੇ ਖੇਤਰ ਵਿਚ ਵੀ ਰਾਸ਼ਟਰੀ, ਅੰਤਰ-ਰਾਸ਼ਟਰੀ ਤੇ ਯੂਨੀਵਰਸਿਟੀ ਪੱਧਰ ਤੇ ਲਗਾਤਾਰ ਵੱਡੀਆ ਮੱਲਾਂ ਮਾਰ ਰਿਹਾ ਹੈ।ਉਹਨਾਂ ਦੱਸਿਆ ਕਿ ਬੀ.ਬੀ.ਕੇ ਡੀ.ਏ.ਵੀ. ਕਾਲਜ ਪਿਛਲੇ ਚਾਰ ਸਾਲਾਂ ਤੋਂ ‘ਜਨਰਲ ਸਪੋਰਟਸ ਚੈਂਪੀਅਨਸ਼ਿਪ ਟਰਾਫੀ’ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਚਂੈਪੀਅਨਸ਼ਿਪ ਟਰਾਫੀ (ਮਹਿਲਾ ਤੇ ਪੁਰਸ਼ ਸੰਯੁਕਤ) ਲਗਾਤਾਰ ਜਿੱਤਦਾ ਆ ਰਿਹਾ ਹੈ।ਇਸ ਤੋ ਇਲਾਵਾ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਮਹਾਤਮਾ ਹੰਸਰਾਜ ਜੀ ਦਾ ਡੀ.ਏ.ਵੀ ਸੰਸਥਾਵਾਂ ਅਤੇ ਸਮਾਜ ਨੂੰ ਦਿੱਤੇ ਯੋਗਦਾਨ ਉੱਪਰ ਵੀ ਪ੍ਰਕਾਸ਼ ਪਾਇਆ।ਉਹਨਾਂ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਹਿਣ ਸ਼ਕਤੀ, ਗਤੀ, ਤਾਕਤ, ਹੁਨਰ ਅਤੇ ਆਤਮ ਬੱਲ ਮਨੁੱਖੀ ਜੀਵਨ ਦੇ ਆਧਾਰ ਹਨ ਜਿੰਨਾ ਵਿਚੋ ਆਤਮ ਬੱਲ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜੋ ਹਾਰੇ ਹੋਏ ਇਨਸਾਨ ਨੂੰ ਉੱਚਾ ਚੁੱਕਣ ਵਿਚ ਸਹਾਈ ਹੁੰਦਾ ਹੈ।
ਮੁੱਖ ਮਹਿਮਾਨ ਗੁਰਜੀਤ ਸਿੰਘ ਔਜਲਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ. ਕਾਲਜ ਸੰਸਥਾ ਅੰਮ੍ਰਿਤਸਰ ਸ਼ਹਿਰ ਰੂਪੀ ਹਾਰ ਦਾ ਇਕ ਅਨਮੋਲ ਮੋਤੀ ਹੈ ਤੇ ਇਸ ਸੰਸਥਾ ਵਿਚੋ ਪੜ੍ਹ ਕੇ ਵਿਦਿਆਰਥਣਾਂ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰ ਰਹੀਆਂ ਹਨ।ਉਹਨਾਂ ਨੇ ਕਾਲਜ ਦੀਆਂ ਪ੍ਰਾਪਤ ਵਿਸ਼ੇਸ਼ ਉਪਲਬਧੀਆਂ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਕੋਈ ਵੀ ਚੀਜ ਅਸੰਭਵ ਨਹੀ ਹੈ।ਅਸੰਭਵ ਨੂੰ ਸੰਭਵ ਬਣਾਉਣ ਇਨਸਾਨ ਦੇ ਆਪਣੇ ਹੱਥ ਹੈ।ਉਹਨਾ ਨੇ ਸਮਾਜ ਨੂੰ ਨਸ਼ਾ ਮੁਕਤ,ਰੋਜ਼ਗਾਰ ਯੁਕਤ ਅਤੇ ਸੁਰੱਖਿਅਤ ਬਣਾਉਣ ਦੀ ਇੱਛਾ ਉਜਾਗਰ ਕੀਤੀ।
ਡਾ. ਹਰਵਿੰਦਰ ਸਿੰਘ ਰੰਧਾਵਾ ਨੇ ਵਿਦਿਆਰਥਣਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੀਵਨ ਵਿੱਚ ਪਹਿਲਾ ਲਕਸ਼ ਸਾਧ ਕੇ ਫਿਰ ਕਠਿਨ ਮਿਹਨਤ ਤੇ ਧਿਆਨ ਕੇਂਦਰਿਤ ਕਰਕੇ ਸ਼੍ਰੇਸ਼ਠ ਪ੍ਰਯਤਨਾ ਨਾਲ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ, ਵਿਜੇਤਾ ਕਦੀ ਅਪਣਾ ਲਕਸ਼ ਨਹੀ ਛੱਡਦਾ ਜੋ ਛੱਡਦਾ ਹੈ ਉਹ ਕਦੀ ਵਿਜੇਤਾ ਨਹੀ ਹੁੰਦਾ, ਤੇ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਮਾਤਾ-ਪਿਤਾ, ਅਧਿਆਪਕ ਤੇ ਕੋਚਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਾਲਜ ਦੀ ਪੁਰਾਤਨ ਖਿਡਾਰਨ ਸਨੇਹ ਰਾਣਾ ਮੈਂਬਰ ਭਾਰਤੀ ਕ੍ਰਿਕੇਟ ਟੀਮ ਅਤੇ ਪ੍ਰਿਯੰਸ਼ੂ ਮੈਂਬਰ ਅੰਤਰ-ਰਾਟਸ਼ਟਰੀ ਆਰਚਰੀ ਟੀਮ ਆਫ ਇੰਡੀਆ ਨੂੰ ਖੇਡ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਦੇਣ ਹਿੱਤ ਸਨਮਾਨਿਤ ਕੀਤਾ ਗਿਆ।ਸਾਫਟਬਾਲ ਅਤੇ ਬੇਸਬਾਲ ਟੀਮ ਦੀ ਗਗਨਦੀਪ ਕੌਰ ਨੂੰ ਬੈਸਟ ਪਲੇਅਰ ਨਾਲ ਸਨਮਾਨਿਆ ਗਿਆ।ਇਸ ਤੋ ਇਲਾਵਾ ਕੇਜ਼ੀਆ ਵਰਗੀਜ਼ ਅੰਤਰ-ਰਾਸ਼ਟਰੀ ਸਾਇਕਲਿੰਗ ਖਿਡਾਰਣ ਨੂੰ 25,000 ਰੁਪਏ ਦੀ ਨਕਦ ਰਾਸ਼ੀ ਨਾਲ ਅਤੇ ਏਲੰਗਬੇਮ ਚੋਬਾ ਦੇਵੀ ਨੂੰ 20,000 ਦੀ ਨਕਦ ਰਾਸ਼ੀ ਨਾਲ, ਸਾਫਟਬਾਲ ਖਿਡਾਰਣ ਹਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ, ਵੇਟ ਲਿਫਟਿੰਗ ਖਿਡਾਰਨ ਮਨਾਲਿਸ਼ਾ ਅਤੇ ਸਾਇਕਲਿੰਗ ਖਿਡਾਰਨ ਕੋਮਲ ਦੇਸ਼ਮੁੱਖ ਨੂੰ 15000 ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਇਸ ਸਮਾਰੌਹ ਤੇ ਖੇਡ ਗਤੀਵਿਧੀਆਂ ਅਤੇ ਉਪਲੱਬਧੀਆ ਸੰਬੰਧੀ ‘ਸਪੋਰਸਟ ਬੁਲਿਟਨ’ ਦੀ ਘੁੰਡ ਚੁਕਾਈ ਕੀਤੀ ਗਈ।ਮੁੱਖ ਮਹਿਮਾਨ ਵੱਲੋਂ ਰਾਸ਼ਟਰੀ, ਅੰਤਰ-ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੇ ਜੇਤੂ 422 ਦੇ ਕਰੀਬ ਖਿਡਾਰਨਾਂ ਨੂੰ ਇਨਾਮ ਵੰਡੇ ਅਤੇ ਅਕਾਦਮਿਕ ਤੇ ਖੇਡਾਂ ਦੋਨਾਂ ਪੱਧਰਾਂ ‘ਤੇ ਉੱਚ ਸਥਾਨ ਪ੍ਰਾਪਤ ਕਰਨ ਵਾਲੀਆਂ 12 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਉਹਨਾਂ ਨੇ ਕਾਲਜ ਦੀਆਂ ਖਿਡਾਰਨਾਂ ਦੀ ਖੇਡ ਸੰਬੰਧੀ ਯੋਗ ਅਗਵਾਈ ਕਰਨ ਵਾਲੇ 50 ਕੋਚਾਂ ਤੇ 10 ਦੀੇ ਕਰੀਬ ਸਪੋਰਟਸ ਕਲੱਬ ਤੇ ਮੀਡੀਆ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media