10 ਜ਼ਿਲ੍ਹਿਆਂ ਦੇ ਨੌਜਵਾਨ ਹੋ ਸਕਦੇ ਹਨ ਭਰਤੀ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਕੀਤੀ ਗਈ ਪਹਿਲਕਦਮੀ ਸਦਕਾ ਲੰਮੇ ਅਰਸੇ ਬਾਅਦ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਹਵਾਈ ਫੌਜ ਵਿਚ ਏਅਰਮੈਨਜ਼ ਦੀ ਭਰਤੀ ਲਈ ਰੈਲੀ 5 ਮਈ ਤੋਂ 9 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ 10 ਜਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਨੌਜਵਾਨ ਭਰਤੀ ਹੋ ਸਕਣਗੇ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਏਅਰਮੈਨ ਦੀ ਇਹ ਭਰਤੀ ਗੈਰ ਤਕਨੀਕੀ ਵਰਗ ਵਿਚ ਕੀਤੀ ਜਾਵੇਗੀ।
ਉਨਾਂ ਨੇ ਦੱਸਿਆ ਕਿ 7 ਜੁਲਾਈ 1997 ਤੋਂ 20 ਦਸੰਬਰ 2000 ਵਿਚਾਲੇ ਜਨਮ ਲੈਣ ਵਾਲੇ ਨੌਜਵਾਨ , ਜੋ ਕਿ ਕਿਸੇ ਵੀ ਵਿਸ਼ੇ ਵਿਚ 50 ਫੀਸਦੀ ਨੰਬਰਾਂ ਨਾਲ ਬਾਰਵੀਂ ਪਾਸ ਹੋਣ ਅਤੇ ਉਨਾਂ ਦੇ ਅੰਗਰੇਜ਼ੀ ਵਿਚੋਂ 50 ਫੀਸਦੀ ਅੰਕ ਹੋਣ, ਉਹ ਰੈਲੀ ਵਿਚ ਸ਼ਾਮਿਲ ਹੋ ਸਕਦੇ ਹਨ।ਸੰਘਾ ਨੇ ਦੱਸਿਆ ਕਿ ਉਮੀਦਵਾਰ ਦਾ ਕੱਦ 152.2 ਸੈਂਟੀਮੀਟਰ ਤੋਂ ਘੱਟ ਨਾ ਹੋਣਾ ਚਾਹੀਦਾ। ਉਨਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਲਿਖਤੀ ਟੈਸਟ ਤੋਂ ਪਹਿਲਾਂ ਸਰੀਰਕ ਟੈਸਟ ਪਾਸ ਕਰਨਾ ਹੋਵੇਗਾ ਅਤੇ 1.6 ਕਿਲੋਮੀਟਰ ਦੌੜ 5 ਮਿੰਟ 40 ਸੈਕਿੰਡ ਵਿਚ ਪੂਰੀ ਕਰਨ ਵਾਲੇ ਨੌਜਵਾਨ ਹੀ ਸਰੀਰਕ ਟੈਸਟ ਵਿਚ ਸ਼ਾਮਿਲ ਹੋ ਸਕਣਗੇ, ਜਿਸ ਵਿਚ 8 ਚਿੰਨ ਅੱਪ, 20 ਪੁਸ਼ ਅਪ (ਪਲੈਂਕ), 20 ਬੈਂਟ ਨੀ ਸਿਟ ਅੱਪ ਸ਼ਾਮਿਲ ਹਨ। ਜੋ ਉਮੀਦਵਾਰ ਸਰੀਰਕ ਟੈਸਟ ਪਾਸ ਕਰ ਲੈਣਗੇ ਉਨਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ। ਐਨ. ਸੀ. ਸੀ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਵਿਸ਼ੇਸ਼ ਤਰਜੀਹ ਵੀ ਦਿੱਤੀ ਜਾਣੀ ਹੈ।
ਸ. ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਮੋਗਾ ਜਿਲ੍ਹੇ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ 5 ਮਈ ਨੂੰ ਲਿਆ ਜਾਵੇਗਾ, ਜਦਕਿ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਉਮੀਦਵਾਰਾਂ ਦਾ ਟੈਸਟ 7 ਮਈ ਨੂੰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਰਤੀ ਦਾ ਕੰਮ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ, ਇਸ ਲਈ ਸਾਰੇ ਉਮੀਦਵਾਰ ਸਮੇਂ ਸਿਰ ਪਹੁੰਚਣ।
ਉਨਾਂ ਦੱਸਿਆ ਕਿ ਹਵਾਈ ਫੌਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਰੇ ਉਮੀਦਵਾਰ ਭੱਜਣ ਲਈ ਸਪੋਰਟਸ ਕਿਟ, ਡੋਮੀਸਾਈਲ ਸਰਟੀਫਿਕੇਟ, ਜਨਮ ਤਾਰੀਕ ਪ੍ਰਮਾਣ ਲਈ ਮੈਟ੍ਰਿਕ ਸਰਟੀਫਿਕੇਟ, ਪਲੱਸ ਟੂ ਦਾ ਸਰਟੀਫਿਕੇਟ ਤੇ ਨੰਬਰ ਕਾਰਡ ਅਤੇ ਐਨ ਸੀ ਸੀ ਸਰਟੀਫਿਕੇਟ ਆਦਿ ਅਸਲੀ ਤੇ ਨਾਲ ਇੰਨਾਂ ਦੀਆਂ 4-4 ਫੋਟੋ ਕਾਪੀਆਂ ਲੈ ਕੇ ਆਉਣ। ਇਸ ਤੋਂ ਇਲਾਵਾ 10 ਨਵੀਆਂ ਪਾਸਪੋਰਟ ਸਾਈਜ਼ ਫੋਟੋ, ਪੈਂਸਿਲ, ਕਾਲਾ ਤੇ ਨੀਲਾ ਬਾਲ ਪੈਨ, ਰਬੜ, ਸ਼ਾਪਨਰ, ਗਮ ਆਦਿ ਵੀ ਲੈ ਕੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media