ਪੰਜਾਬ ਦੀ ਧਰਤੀ ਉਰਦੂ ਭਾਸ਼ਾ ਤੇ ਸਾਹਿਤ ਲਈ ਬਹੁਤ ਉਪਜਾਊ ਹੈ – ਫਿਰੋਜ਼ ਆਲਮ
ਮਾਲੇਰਕੋਟਲਾ, 22 ਅਪ੍ਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) –
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਉਰਦੂ ਅਤੇ ਅਰਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ.ਰਹਿਮਾਨ ਅਖਤਰ ਨੇ ਹਸਰਤ ਮੁਹਾਨੀ, ਮੇਲਾ ਰਾਮ ਵਫਾ ਅਤੇ ਤਿਲੋਕ ਚੰਦ ਮਹਿਰੂਮ ਵਰਗੇ ਉਘੇ ਉਰਦੂ ਸ਼ਾਇਰਾਂ ਦੀ ਰਹਿਨੁਮਾਈ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਸ਼ਾਇਰ ਪੰਡਿਤ ਰਾਮ ਰਤਨ ਮੁਜ਼ਤਰ ਦੇ ਕੁੱਲੀਯਾਤ (ਸੰਪੂਰਨ ਕਾਵਿ-ਸੰਗ੍ਰਹਿ) ਦਾ ਪ੍ਰੋਜੈਕਟ ਅੱਜ ਕੌਮੀ ਕੋਂਸਲ ਬਰਾਏ-ਫਰੋਗ-ਏ-ਉਰਦੂ ਨਵੀਂ ਦਿੱਲੀ ਦੇ ਦਫਤਰ ਉਰਦੂ ਭਵਨ ਜਸੋਲਾ (ਨਵੀਂ ਦਿੱਲੀ) ਪਹੁੰਚ ਕੇ ਐਜੂਕੇਸ਼ਨ ਅਫਸਰ ਸ਼੍ਰੀ ਫ਼ਿਰੋਜ਼ ਆਲਮ ਨੂੰ ਪੇਸ਼ ਕੀਤਾ।ਇਸ ਮੌਕੇ ਰਾਮ ਰਤਨ ਮੁਜ਼ਤਰ ਦੇ ਸਪੁੱਤਰ ਲਾਇਨਜ਼ ਕਲੱਬ ਹਰਿਆਣਾ ਦਿੱਲੀ ਦੇ ਗਵਰਨਰ ਬ੍ਰਿਜਮੋਹਨ ਸ਼ਰਮਾ ਅਤੇ ਉਰਦੂ ਲੇਖਕ ਸਾਲਿਕ ਜਮੀਲ ਬਰਾੜ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਵਰਣਨਯੋਗ ਹੈ ਕਿ ਰਾਮ ਰਤਨ ਮੁਜ਼ਤਰ ਦਾ ਜਨਮ 1906 ਈ ਨੂੰ ਅੰਮ੍ਰਿਤਸਰ ਦੇ ਪਿੰਡ ਥਰੀਏਵਾਲ ਵਿੱਚ ਹੋਇਆ। ਆਪ ਲੰਮੇ ਸਮੇਂ ਤੇ ਸਿੱਖਿਆ ਦੇ ਖੇਤਰ ਵਿੱਚ ਬਤੌਰ ਹੈੱਡ ਮਾਸਟਰ ਸੇਵਾਵਾਂ ਨਿਭਾਉਂਦੇ ਰਹੇ ਅਤੇ ਇੱਕ ਸਮਾਜ ਸੇਵੀ ਦੇ ਤੌਰ ਤੇ ਵੀ ਭਲਾਈ ਕੰਮਾਂ ਵਿੱਚ ਜੁੜੇ ਰਹੇ।ਆਲੋਚਕ ਅਤੇ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਇੱਕ ਉੱਘੇ ਸ਼ਾਇਰ ਵੀ ਸਨ। ਕੁੱਲੀਯਾਤ-ਏ-ਰਾਮ ਰਤਨ ਮੁਜ਼ਤਰ ਲਗਭਗ 600 ਪੰਨਿਆਂ ਤੇ ਅਧਾਰਤ ਹੈ। ਡਾ. ਰਹਿਮਾਨ ਅਖਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਮੁਜ਼ਤਰ ਦੇ ਕਲਾਮ ਨੂੰ ਪੜ੍ਹ ਕੇ ਇੰਜ ਜਾਪਦਾ ਹੈ ਕਿ ਉਨ੍ਹਾਂ ਦੇ ਪਹਿਲੇ ਦੌਰ ਦੇ ਕਲਾਮ ਵਿੱਚ ਹਸਰਤ ਮੁਹਾਨੀ ਦਾ ਰੰਗ ਅਤੇ ਦੂਸਰੇ ਦੌਰ ਵਿੱਚ ਮੇਲਾ ਰਾਮ ਵਫਾ ਦਾ ਰੰਗ ਵਿਸ਼ੇਸ਼ ਤੌਰ ਤੇ ਝਲਕਦਾ ਹੈ।ਕੌਮੀ ਕੋਂਸਲ ਦੇ ਸਿੱਖਿਆ ਅਫਸਰ ਨੇ ਡਾ. ਰਹਿਮਾਨ ਅਖਤਰ ਦੀ ਇਸ ਕੌਸ਼ਿਸ਼ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਭੂਮੀ ਉਰਦੂ ਭਾਸ਼ਾ ਅਤੇ ਸਾਹਿਤ ਲਈ ਬਹੁਤ ਉਪਜਾਊ ਰਹੀ ਹੈ।ਕੋਂਸਲ ਇਸ ਖਿੱਤੇ ਦੇ ਪ੍ਰਸਿੱਧ ਤੇ ਮਹਾਨ ਲੇਖਕਾਂ ਦੇ ਸਾਹਿਤਕ ਯੋਗਦਾਨ ਨੂੰ ਸਾਹਮਣੇ ਲਿਆਉਂਦੀ ਰਹੇਗੀ। ਲਾਇਨਜ਼ ਕਲੱਬ ਦੇ ਗਵਰਨਰ ਬ੍ਰਿਜ ਮੋਹਨ ਸ਼ਰਮਾ ਨੇ ਕੌਮੀ ਉਰਦੂ ਕੌਂਸਲ ਅਤੇ ਡਾ. ਰਹਿਮਾਨ ਅਖਤਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਉਪਰਾਲੇ ਲਈ ਉਨ੍ਹਾਂ ਦੇ ਬਹੁਤ ਧੰਨਵਾਦੀ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media