Monday, April 6, 2026

‘ਬੈਂਕਿੰਗ ਲੋਕਪਾਲ ਯੋਜਨਾ’ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਬਠਿੰਡਾ, 27 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਨੂੰ ‘ਬੈਂਕਿੰਗ ਲੋਕਪਾਲ ਯੋਜਨਾ’ ਬਾਰੇ ਜਾਣੂ ਕਰਵਾਉਣ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ।ਜਿਸ ਵਿਚ ਬੈਂਕਿੰਗ ਉਦਯੋਗ ਤੋਂ ਮਾਹਿਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਜੇ. ਐਲ ਨੇਗੀ, ਬੈਂਕਿੰਗ ਲੋਕਪਾਲ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਐਮ.ਬੀ.ਏ, ਬੀ.ਬੀ.ਏ ਅਤੇ ਬੀ.ਕਾਮ ਦੇ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜੇ.ਐਲ ਨੇਗੀ ਨੇ ਭਾਰਤ ਵਿਚ ਬੈਂਕਿੰਗ ਪ੍ਰਣਾਲੀ ਜਿਸ ਵਿੱਚ ਮੁੱਖ ਤੌਰ ਤੇ ਕੇਂਦਰੀ ਬੈਂਕਿੰਗ ਪ੍ਰਣਾਲੀ ਦੇ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਮਿਸ ਜੋਤੀ ਸ਼ਰਮਾ ਨੇ ਦੱਸਿਆ ਕਿ ਅਗਰ ਬੈਂਕ ਨਾਲ ਸੰਬੰਧਤ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤਾਂ ਗ੍ਰਾਹਕ ਕਿਹੜੇ ਅਧਿਕਾਰੀ ਜਾਂ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।ਉਨਾਂ ਨੇ ਕਿਹਾ ਕਿ ਬੈਂਕਾਂ ਦੇ ਗੁਣਵੱਤਾ ਮਿਆਰ ਨੂੰ ਬਰਕਰਾਰ ਰੱਖਣਾ ਹਰ ਬੈਂਕ ਕਰਮਚਾਰੀ ਦਾ ਮੁੱਢਲਾ ਫਰਜ਼ ਹੈ ਜਿਸ ਦੀ ਬੈਂਕਿੰਗ ਕੋਡਜ਼ ਐਂਡ ਸਟੈਂਡਰਡ ਬੋਰਡਜ਼ ਆਫ਼ ਇੰਡੀਆ ਦੇਖ ਰੇਖ ਕਰਦਾ ਹੈ।ਇਸ ਤੋਂ ਇਲਾਵਾ ਹੋਰਨਾਂ ਮਹਿਮਾਨ ਮਾਹਿਰਾਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸੁਆਲਾਂ ਦੇ ਤਸੱਲੀਬਖ਼ਸ ਜਵਾਬ ਦਿੱਤੇ।ਇਸ ਮੌਕੇ ਮਾਹਿਰਾਂ ਨੇ ਰਿਜ਼ਰਵ ਬੈਕ ਆਫ਼ ਇੰਡੀਆ (ਆਰ.ਬੀ.ਆਈ) ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਤੇ ਗਿਆਨ ਨੂੰ ਪਰਖਣ ਲਈ ਕਈ ਸੁਆਲ ਪੁੱਛੇ ਅਤੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ।ਵਿਦਿਆਰਥੀਆਂ ਲਈ ਇਹ ਸੈਸ਼ਨ ਬਹੁਤ ਹੀ ਦਿਲਚਸਪ ਰਿਹਾ ਅਤੇ ਖਾਸ ਕਰਕੇ ਮੈਨੇਜਮੈਂਟ ਵਿਭਾਗ ਤੋਂ ਵਿੱਤ ਅਤੇ ਮਾਰਕੀਟਿੰਗ ਖੇਤਰ ਦੇ ਵਿਦਿਆਰਥੀਆਂ ਅਤੇ ਬੈਂਕ ਅਫ਼ਸਰ ਦੇ ਤੌਰ ਤੇ ਆਪਣਾ ਕੈਰੀਅਰ ਬਣਾਉਣ ਵਾਲਿਆਂ ਲਈ ਇਹ ਪ੍ਰੋਗਰਾਮ ਬਹੁਤ ਹੀ ਲਾਭਦਾਇਕ ਰਿਹਾ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ।ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਮਿਸ ਜੋਤੀ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ, ਬੈਂਕਿੰਗ ਕੋਡਜ਼ ਐਂਡ ਸਟੈਂਡਰਡ ਬੋਰਡਜ਼ ਆਫ਼ ਇੰਡੀਆ, ਐਸ. ਵੈਂਕਟਾਰਮਨ, ਡਿਪਟੀ ਜਨਰਲ ਮੈਨੇਜਰ ਅਤੇ ਸਕੱਤਰ ਬੈਂਕਿੰਗ ਲੋਕਪਾਲ ਦਫ਼ਤਰ ਰਿਜ਼ਰਵ ਬੈਂਕ ਆਫ਼ ਇੰਡੀਆ ਚੰਡੀਗੜ੍ਹ, ਡਿਪਟੀ ਸਕੱਤਰ ਸਤਬੀਰ ਸਿੰਘ ਬੈਨੀਵਾਲ, ਪੀ.ਕੇ ਸਿੰਗਲਾ, ਡਿਪਟੀ ਜਨਰਲ ਮੈਨੇਜਰ ਤੇ ਸਰਕਲ ਮੁੱਖੀ ਪੰਜਾਬ ਨੈਸ਼ਨਲ ਬੈਂਕ ਬਠਿੰਡਾ, ਸੁਨੀਲ ਭਸੀਨ, ਨੋਡਲ ਅਫ਼ਸਰ, ਪੰਜਾਬ ਨੈਸ਼ਨਲ ਬੈਕ ਚੰਡੀਗੜ੍ਹ ਅਤੇ ਅਨੁੱਜ ਭਟਨਾਗਰ, ਡਿਪਟੀ ਜਨਰਲ ਮੈਨੇਜਰ ਸਟੇਟ ਬੈਕ ਆਫ਼ ਇੰਡੀਆ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply