ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਹਵਾਈ ਫੌਜ ਦੀ ਭਰਤੀ ਲਈ ਰੈਲੀ 5 ਮਈ ਤੋਂ 10 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ 10 ਜਿਲਿਆਂ ਅੰਮਿ੍ਰਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਨੌਜਵਾਨ ਭਰਤੀ ਹੋ ਸਕਣਗੇ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਏਅਰਮੈਨ ਦੀ ਇਹ ਭਰਤੀ ਗੈਰ ਤਕਨੀਕੀ ਵਰਗ ਵਿਚ ਕੀਤੀ ਜਾਵੇਗੀ ਅਤੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਇਹ ਬਹੁਤ ਵਧੀਆ ਮੌਕਾ ਹੈ।
ਸ. ਸੰਘਾ ਨੇ ਦੱਸਿਆ ਕਿ 7 ਜੁਲਾਈ 1997 ਤੋਂ 20 ਦਸੰਬਰ 2000 ਵਿਚਾਲੇ ਜਨਮ ਲੈਣ ਵਾਲੇ ਨੌਜਵਾਨ , ਜੋ ਕਿ ਕਿਸੇ ਵੀ ਵਿਸ਼ੇ ਵਿਚ 50 ਫੀਸਦੀ ਨੰਬਰਾਂ ਨਾਲ ਬਾਰਵੀਂ ਪਾਸ ਹੋਣ ਅਤੇ ਉਨਾਂ ਦੇ ਅੰਗਰੇਜ਼ੀ ਵਿਚੋਂ 50 ਫੀਸਦੀ ਅੰਕ ਹੋਣ, ਉਹ ਰੈਲੀ ਵਿਚ ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ ਉਮੀਦਵਾਰ ਦਾ ਕੱਦ 152.2 ਸੈਂਟੀਮੀਟਰ ਤੋਂ ਘੱਟ ਨਾ ਹੋਵੇ ਅਤੇ ਨਜ਼ਰ 6 ਬਾਈ 6 ਹੋਣੀ ਚਾਹੀਦੀ ਹੈ। ਹਰੇਕ ਉਮੀਦਵਾਰ ਨੂੰ ਲਿਖਤੀ ਟੈਸਟ ਤੋਂ ਪਹਿਲਾਂ ਸਰੀਰਕ ਟੈਸਟ ਪਾਸ ਕਰਨਾ ਹੋਵੇਗਾ, ਇਸ ਲਈ ਸਾਰੇ ਉਮੀਦਵਾਰ ਆਪਣੇ ਖੇਡਾਂ ਵਾਲੇ ਬੂਟ ਅਤੇ ਨਿੱਕਰ ਆਦਿ ਨਾਲ ਲੈ ਕੇ ਆਉਣ। ਉਨਾਂ ਦੱਸਿਆ 1.6 ਕਿਲੋਮੀਟਰ ਦੌੜ 5 ਮਿੰਟ 40 ਸੈਕਿੰਡ ਵਿਚ ਪੂਰੀ ਕਰਨ ਵਾਲੇ ਨੌਜਵਾਨ ਹੀ ਸਰੀਰਕ ਟੈਸਟ ਵਿਚ ਸ਼ਾਮਿਲ ਹੋ ਸਕਣਗੇ, ਜਿਸ ਵਿਚ 8 ਚਿੰਨ ਅੱਪ, 20 ਪੁਸ਼ ਅਪ (ਪਲੈਂਕ), 20 ਬੈਂਟ ਨੀ ਸਿਟ ਅੱਪ ਸ਼ਾਮਿਲ ਹਨ। ਜੋ ਉਮੀਦਵਾਰ ਸਰੀਰਕ ਟੈਸਟ ਪਾਸ ਕਰ ਲੈਣਗੇ ਉਨਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ। ਐਨ. ਸੀ. ਸੀ. ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਵਿਸ਼ੇਸ਼ ਤਰਜੀਹ ਵੀ ਦਿੱਤੀ ਜਾਣੀ ਹੈ।
ਸ. ਸੰਘਾ ਨੇ ਦੱਸਿਆ ਕਿ ਅੰਮਿ੍ਰਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਮੋਗਾ ਜਿਲੇ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ 5 ਮਈ ਨੂੰ ਲਿਆ ਜਾਵੇਗਾ, ਜਦਕਿ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਉਮੀਦਵਾਰਾਂ ਦਾ ਟੈਸਟ 7 ਮਈ ਨੂੰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਰਤੀ ਦਾ ਕੰਮ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ, ਇਸ ਲਈ ਸਾਰੇ ਉਮੀਦਵਾਰ ਸਮੇਂ ਸਿਰ ਪਹੁੰਚਣ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media