ਅੰਮਿ੍ਰਤਸਰ, 3 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਗੁਰੂ ਨਗਰੀ ਆਏ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਸੜਕਾਂ ’ਤੇ ਦਰਖਤਾਂ ਦੀ ਘਾਟ ਮਹਿਸੂਸ ਕਰਦੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੌਨਸੂਨ ਦੇ ਆ ਰਹੇ ਸੀਜ਼ਨ ਵਿਚ ਵੱਧ ਤੋਂ ਵੱਧ ਦਰਖਤ ਸੜਕਾਂ ’ਤੇ ਲਗਾ ਕੇ ਪਹਿਲਾਂ ਦੀ ਤਰਾਂ ਆਲਾ-ਦੁਆਲਾ ਹਰਿਆ-ਭਰਿਆ ਕਰ ਦੇਣ। ਮੈਡਮ ਸੁਲਤਾਨਾ ਨੇ ਕਿਹਾ ਕਿ ਸੜਕਾਂ ਚੌੜੀਆਂ ਕੀਤੀਆਂ ਜਾਂ ਨਵੀਆਂ ਬਣ ਰਹੀਆਂ ਹੋਣ ਕਾਰਨ ਸੜਕਾਂ ਤੋਂ ਵੱਡੀ ਮਾਤਰਾ ਵਿਚ ਰੁੱਖਾਂ ਦੀ ਕਟਾਈ ਹੋਈ ਹੈ ਅਤੇ ਇਸ ਭਰਪਾਈ ਨੂੰ ਪੂਰਾ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਮਨੁੱਖ ਦੇ ਜੀਵਨ ਵਿਚ ਰੁੱਖਾਂ ਦੀ ਵੱਡੀ ਦੇਣ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਮਾਨਵਤਾ ਦੇ ਭਲੇ ਦਾ ਕੰਮ ਕਰੀਏ।
ਮੈਡਮ ਸੁਲਤਾਨਾ, ਜਿੰਨਾਂ ਕੋਲ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਚਾਰਜ ਵੀ ਹੈ, ਨੇ ਅੱਜ ਇੱਥੇ ਅੰਮਿ੍ਰਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ ਅਤੇ ਕਪੂਰਥਲਾ ਜਿਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਿਭਾਗਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨਾਂ ਸਪੱਸ਼ਟ ਕੀਤਾ ਕਿ ਲੋਕ ਨਿਰਮਾਣ ਵਿਭਾਗ, ਜਿਸਦਾ ਕੰਮ ਸਿੱਧੇ ਤੌਰ ’ਤੇ ਇਮਾਰਤਾਂ ਅਤੇ ਸੜਕਾਂ ਦੀ ਉਸਾਰੀ ਨਾਲ ਸਬੰਧਤ ਹੈ, ਕੰਮ ਵਿਚ ਗੁਣਵਤਾ ਦਾ ਧਿਆਨ ਰੱਖਣ। ਉਨਾਂ ਕਿਹਾ ਕਿ ਕੰਮ ਦੀ ਕਵਾਲਟੀ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਡਮ ਸੁਲਤਾਨਾ ਨੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਅਤੇ ਅੰਮਿ੍ਰਤਸਰ ਵਿਚ ਬਣਾਈਆਂ ਜਾ ਰਹੀਆਂ ਵੱਖ-ਵੱਖ ਵਿਰਾਸਤੀ ਇਮਾਰਤਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਨੇ ਵਿਭਾਗ ਨੂੰ ਪੇਂਡੂ ਸੜਕਾਂ ’ਤੇ ਬਰਮ ਪੂਰੇ ਕਰਵਾਉਣ ਦੀ ਹਦਾਇਤ ਕੀਤੀ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਪ੍ਰਾਪਤੀਆਂ ਦਾ ਬਿੳੂਰਾ ਲੈਂਦੇ ਮੈਡਮ ਸੁਲਤਾਨਾ ਨੇ ਲਿੰਗ ਅਨੁਪਾਤ ਵਿਚ ਅੰਤਰ ਘਟਾਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਭਾਗ ਵੱਲੋਂ ਲੋੜਵੰਦ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪੈਨਸ਼ਨਾਂ ਦਾ ਲਾਭ ਹਰ ਜ਼ਰੂਰਤਮੰਦ ਤੱਕ ਪਹੁੰਚੇ। ਉਨਾਂ ਬੇਟੀ ਬਚਾਉ ਤੇ ਬੇਟੀ ਪੜਾਉ ਮੁਹਿੰਮ ਨੂੰ ਵੱਧ ਤੋਂ ਵੱਧ ਸਫਲਤਾ ਨਾਲ ਚਲਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਓ.ਐਸ.ਡੀ ਦਲਜੀਤ ਸਿੰਘ, ਅਰਵਿੰਦ ਸਿੰਘ ਮੁੱਖ ਇੰਜੀਨੀਅਰ, ਸ੍ਰੀ ਕੇ. ਕੇ ਗਰਗ, ਜਸਬੀਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸਰਕਟ ਹਾੳੂਸ ਵਿਖੇ ਪਹੁੰਚਣ ’ਤੇ ਵਿਧਾਇਕ ਤਰਸੇਮ ਸਿੰਘ ਡੀ. ਸੀ, ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ, ਕਾਂਗਰਸ ਆਗੂ ਸ੍ਰੀ ਜੁਗਲ ਕਿਸ਼ੋਰ ਨੇ ਮੈਡਮ ਸੁਲਤਾਨਾ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media