ਕਮਿਸ਼ਨ ਦੇ ਮੈਂਬਰ ਪੀੜਤ ਲੜਕੀ ਨੂੰ ਮਿਲੇ ਅਤੇ ਐਸ.ਐਸ.ਪੀ ਤੋਂ ਲਈ ਰਿਪੋਰਟ
ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਬੀਤੇ ਦਿਨੀਂ ਨਵਾਂ ਪਿੰਡ ਵਿਚ ਅਨਸੂਚਿਤ ਜਾਤੀ ਦੀ ਲੜਕੀ ਵੱਲੋਂ ਲਗਾਏ ਗਏ ਜਬਰ ਜਿਨਾਹ ਦੇ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਨੁਸੂਚਿਤ ਜਾਤੀ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਦੇ ਆਦੇਸ਼ ’ਤੇ ਅੱਜ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਜਿਲ੍ਹੇ ਦਾ ਦੌਰਾ ਕੀਤਾ। ਉਕਤ ਮੈਂਬਰਾਂ ਵਿਚ ਸ਼ਾਮਿਲ ਸ੍ਰੀ ਗਿਆਨ ਚੰਦ, ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਦਰਸ਼ਨ ਸਿੰਘ ਕੋਟ ਕਰਾਰ ਨੇ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜੇ. ਏਲਨਚੇਲੀਅਨ ਨੂੰ ਮਿਲ ਕੇ ਹੁਣ ਤੱਕ ਦੀ ਪੁਲਿਸ ਵੱਲੋਂ ਕੀਤੀ ਸਾਰੀ ਕਾਰਵਾਈ ਰਿਪੋਰਟ ਲਈ ਅਤੇ ਕਥਿਤ ਤੌਰ ’ਤੇ ਪੀੜਤ ਲੜਕੀ ਦੇ ਬਿਆਨ ਕਲਮਬੱਧ ਕੀਤੇ।ਇਸ ਮੌਕੇ ਜਾਂਚ ਵਿਚ ਸ਼ਾਮਿਲ ਡੀ.ਐਸਪੀ ਅਤੇ ਇੰਸਪੈਕਟਰ ਵੀ ਹਾਜ਼ਰ ਸਨ।ਐਸ.ਐਸ.ਪੀ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ ’ਤੇ 28 ਮਾਰਚ ਨੂੰ 2 ਅਤੇ 29 ਮਾਰਚ ਨੂੰ ਇਕ ਹੋਰ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਇਸ ਤਰਾਂ ਜਾਂਚ ਵਿਚ ਸ਼ਾਮਿਲ ਤਿੰਨ ਵਿਅਕਤੀ ਪੁਲਿਸ ਦੀ ਗ੍ਰਿਫਤ ਵਿਚ ਹਨ ਅਤੇ ਬਾਕੀ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਚੱਲ ਰਹੀ ਹੈ। ਉਨਾਂ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਪੁਲਿਸ ਦੀ ਜਾਂਚ ਵਿਚ ਕੋਈ ਢਿੱਲ-ਮੱਠ ਨਹੀਂ ਵਰਤ ਰਹੀ ਅਤੇ ਛੇਤੀ ਹੀ ਸਾਰੇ ਕਥਿਤ ਦੋਸ਼ੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਲੜਕੀ ਵੱਲੋਂ ਸਥਾਨਕ ਚੌਕੀ ਇੰਚਾਰਜ ’ਤੇ ਲਗਾਏ ਕੁੱਟ-ਮਾਰ ਦੇ ਦੋਸ਼ਾਂ ਨੂੰ ਸੁਣਦੇ ਹੋਏ ਕਮਿਸ਼ਨ ਦੇ ਮੈਂਬਰਾਂ ਨੇ ਐਸ ਐਸ ਪੀ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਉਕਤ ਚੌਕੀ ਇੰਚਾਰਜ ਨੂੰ ਉਥੋਂ ਬਦਲਣ, ਤਾਂ ਜੋ ਜਾਂਚ ਵਿਚ ਕਿਸੇ ਤਰਾਂ ਦੀ ਢਿੱਲ ਨਾ ਰਹੇ।ਐਸ.ਐਸ.ਪੀ ਨੇ ਤੁਰੰਤ ਚੌਕੀ ਇੰਚਾਰਜ ਨੂੰ ਉਥੋਂ ਬਦਲ ਦੇਣ ਦਾ ਭਰੋਸਾ ਵੀ ਦਿੱਤਾ।
ਕਮਿਸ਼ਨ ਦੇ ਮੈਂਬਰ ਇਸ ਮਗਰੋਂ ਹਸਪਤਾਲ ਵਿਚ ਦਾਖਲ ਪੀੜਤ ਲੜਕੀ ਨੂੰ ਮਿਲਣ ਗਏ ਅਤੇ ਉਸਦੇ ਘਟਨਾ ਨੂੰ ਲੈ ਕੇ ਬਿਆਨ ਕਲਮਬੱਧ ਕੀਤੇ। ਵਾਪਸੀ ਮਗਰੋਂ ਉਨਾਂ ਦੱਸਿਆ ਕਿ ਲੜਕੀ ਅਜੇ ਪੂਰੀ ਤਰਾਂ ਠੀਕ ਨਹੀਂ ਹੈ ਅਤੇ ਸਦਮੇ ਵਿਚ ਹੈ, ਪਰ ਉਸ ਨੇ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਹੈ।ਸਾਰੀ ਕਾਰਵਾਈ ਸੁਣਨ ਉਪਰੰਤ ਕਮਿਸ਼ਨ ਦੇ ਮੈਂਬਰਾਂ ਨੇ ਆਈ.ਜੀ ਕ੍ਰਾਈਮ ਅਤੇ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਨੂੰ 17 ਮਈ ਤੱਕ ਮੁਕੰਮਲ ਰਿਪੋਰਟ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕੋਲ ਪੇਸ਼ ਕਰਨ ਦੀ ਹਦਾਇਤ ਕੀਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media