Thursday, March 19, 2026

ਨਗਰ ਕੌਂਸਲ ਦੇ ਪ੍ਰਧਾਨ ਤੇ ਵਾਰਡ ਨੰਬਰ 6 ਦੇ ਕੌਂਸਲਰ ਪ੍ਰਸ਼ੋਤਮ ਕਾਂਸਲ ਦੀ ਚੋਣ ਰੱਦ

ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ)  – ਬੀਤੇ ਦਿਨੀਂ ਚੋਣ ਟ੍ਰਿਬਿਊਨਲ ਵੱਲੋਂ ਸੁਣਾਏ ਗਏ ਇੱਕ ਫੈਸਲੇ `ਚ ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਅਤੇ ਵਾਰਡ ਨੰਬਰ 6 (ਜਨਰਲ) ਤੋਂ ਜੇਤੂ ਰਹੇ ਪ੍ਰਸ਼ੋਤਮ ਕਾਂਸਲ ਦੀ ਚੋਣ ਨੂੰ ਰੱਦ ਕਰਦੇ ਹੋਏ ਇਸ ਸੀਟ ਨੂੰ ਖਾਲੀ ਕਰਾਰ ਦਿੱਤਾ ਹੈ।ਫਰਵਰੀ 2015 `ਚ ਹੋਈਆਂ ਐਮ.ਸੀ ਚੋਣਾਂ ਦੌਰਾਨ ਧੂਰੀ ਦੇ ਵਾਰਡ ਨੰਬਰ 6 (ਜਨਰਲ) ਤੋਂ ਕ੍ਰਿਸ਼ਨ ਗੋਪਾਲ ਨੇ ਭਾਜਪਾ ਉਮੀਦਵਾਰ ਵਜੋਂ ਚੋਣਕਾਰ ਅਧਿਕਾਰੀ ਧੂਰੀ ਦੇ ਦਫਤਰ ਵਿਖੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ।ਕਾਗਜ਼ਾਂ ਦੀ ਪੜਤਾਲ ਅਤੇ ਨਾਮ ਵਾਪਸੀ ਲੈਣ ਦੀ ਆਖਰੀ ਮਿਤੀ 16 ਫਰਵਰੀ ਨੂੰ ਚੋਣਕਾਰ ਅਧਿਕਾਰੀ ਵੱਲੋਂ ਕ੍ਰਿਸ਼ਨ ਗੋਪਾਲ ਨੂੰ ਭਾਜਪਾ ਉਮੀਦਵਾਰ ਵਜੋਂ ਕਮਲ ਦਾ ਫੁੱਲ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਸੀ, ਪ੍ਰੰਤੂ ਬਾਅਦ ਵਿੱਚ ਵੋਟਿੰਗ ਮਸ਼ੀਨਾਂ ਦੀ ਸੈਟਿੰਗ ਵਾਲੇ ਦਿਨ 20 ਫਰਵਰੀ ਦੀ ਸ਼ਾਮ ਨੂੰ ਚੋਣਕਾਰ ਅਧਿਕਾਰੀ ਨੇ ਕ੍ਰਿਸ਼ਨ ਗੋਪਾਲ ਤੋਂ ਚੋਣ ਨਿਸ਼ਾਨ ਕਮਲ ਦਾ ਫੁੱਲ ਵਾਪਿਸ ਲੈ ਕੇ ਉਸ ਨੂੰ ਆਜ਼ਾਦ ਉਮੀਦਵਾਰ ਵਜੋਂ ਗੋਭੀ ਦਾ ਫੁੱਲ ਚੋਣ ਨਿਸ਼ਾਨ ਅਲਾਟ ਕਰ ਦਿੱਤਾ।ਜਦੋਂਕਿ ਕ੍ਰਿਸ਼ਨ ਗੋਪਾਲ 16 ਫਰਵਰੀ ਤੋਂ 20 ਫਰਵਰੀ ਤੱਕ ਆਪਣਾ ਚੋਣ ਪ੍ਰਚਾਰ ਭਾਜਪਾ ਉਮੀਦਵਾਰ ਵਜੋਂ ਕਮਲ ਦੇ ਫੁੱਲ ਨੂੰ ਵੋਟ ਪਾਉਣ ਸਬੰਧੀ ਕਰਦੇ ਆ ਰਹੇ ਸੀ ।ਚੋਣ ਨਿਸ਼ਾਨ ਬਦਲੇ ਜਾਣ `ਤੇ ਉਸ ਨੇ ਇਸ ਕਾਰਵਾਈ ਨੂੰ ਕਥਿਤ ਮਿਲੀਭੁਗਤ ਕਰਾਰ ਦਿੰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਆਖੀ।ਉਸ ਵੇਲੇ ਚੋਣ ਅਧਿਕਾਰੀ ਰਾਜੇਸ਼ ਧੀਮਾਨ ਨੇ ਕ੍ਰਿਸ਼ਨ ਗੋਪਾਲ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆਂ ਆਪਣਾ ਪੱਖ ਸਪਸ਼ੱਟ ਕਰਦਿਆਂ ਕਿਹਾ ਸੀ ਕਿ ਕ੍ਰਿਸ਼ਨ ਗੋਪਾਲ ਨੂੰ ਭਾਜਪਾ ਦੇ ਅਧਿਕਾਰਤ ਉਮੀਦਵਾਰ ਵਜੋਂ ਪਾਰਟੀ ਦਾ ਅਧਿਕਾਰਤ ਪੱਤਰ ਪੇਸ਼ ਕਰਨ ਲਈ ਸਮਾਂ ਦਿੱਤਾ ਗਿਆ ਸੀ, ਪਰ ਉਹ ਪਾਰਟੀ ਦਾ ਅਧਿਕਾਰਤ ਪੱਤਰ ਨਹੀਂ ਲਿਆ ਸਕੇ ਅਤੇ ਚੋਣਾਂ ਦੌਰਾਨ ਕ੍ਰਿਸ਼ਨ ਗੋਪਾਲ ਆਪਣੇ ਵਿਰੋਧੀ ਉਮੀਦਵਾਰ ਪ੍ਰਸ਼ੋਤਮ ਕਾਂਸਲ ਅਤੇ ਅਸ਼ਵਨੀ ਕੁਮਾਰ ਦੇ ਮੁਕਾਬਲੇ ਚੋਣ ਹਾਰ ਗਏ ਸੀ। ਚੋਣ ਤੋਂ ਉਪਰੰਤ ਕ੍ਰਿਸ਼ਨ ਗੋਪਾਲ ਨੇ ਸੂਚਨਾ ਅਧਿਕਾਰ ਐਕਟ ਤਹਿਤ ਆਪਣੇ ਨਾਮਜ਼ਦਗੀ ਕਾਗਜ਼ਾਂ ਸਬੰਧੀ ਸੂਚਨਾ ਮੰਗੀ ਸੀ, ਪਰ ਉਹਨਾਂ ਨੰੁ ਅਧੂਰੀ ਸੂਚਨਾ ਮੁਹੱਈਆ ਕਰਵਾਈ ਗਈ ਜਿਸ ਕਾਰਨ ਉਸ ਨੂੰ ਚੋਣ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ।
ਚੋਣ ਟ੍ਰਿਬਿਊਨਲ ਵਜੋਂ ਐਸ.ਡੀ.ਐਮ ਮਾਲੇਰਕੋਟਲਾ ਸ਼ੌਕਤ ਅਹਿਮਤ ਪਾਰੇ ਨੇ ਕ੍ਰਿਸ਼ਨ ਗੋਪਾਲ ਵੱਲੋਂ ਦਾਇਰ ਕੀਤੀ ਗਈ ਅਪੀਲ `ਤੇ ਸੁਣਵਾਈ ਕਰਦਿਆਂ ਦੋਵਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਫੈਸਲੇ `ਚ ਵਾਰਡ ਨੰਬਰ 6 ਦੀ ਚੋਣ ਨੰੁ ਰੱਦ ਕਰਦਿਆਂ ਇਸ ਸੀਟ ਨੰੁ ਖਾਲੀ ਕਰਾਰ ਦਿੱਤਾ ਹੈ।ਇਸ ਸਬੰਧੀ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰ ਰਹੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply