ਬਟਾਲਾ, 16 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) –
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਸਮਝਦੇ ਹੋਏ ਇਸ ਵਾਰ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ।ਖੇਤੀਬਾੜੀ ਵਿਕਾਸ ਅਫਸਰ ਬਟਾਲਾ ਪਰਮਬੀਰ ਸਿੰਘ ਕਾਹਲੋਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕੇਵਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ।ਉਨਾਂ ਕਿਹਾ ਕਿ ਰੇਤਲੀ ਜ਼ਮੀਨ ਵਿੱਚ ਸਿੱਧੀ ਬਿਜਾਈ ਨਾ ਕਰਾਈ ਜਾਵੇ।ਉਨਾਂ ਕਿਹਾ ਕਿ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕੀਤੀ ਜਾਵੇ।ਕਾਹਲੋਂ ਨੇ ਕਿਹਾ ਕਿ ਖੇਤ ਨੂੰ ਲੇਜਰ ਲੈਵਲਰ ਨਾਲ ਪੱਧਰਾ ਕਰ ਲਿਆ ਜਾਵੇ ਤਾਂ ਜੋ ਪਾਣੀ ਦੀ ਬਚਤ ਹੋ ਸਕੇ।
ਕਾਹਲੋਂ ਨੇ ਦੱਸਿਆ ਕਿ 8 ਕਿਲੋ ਬੀਜ ਦੀ ਸੋਧ 1 ਗਰਾਮ ਸਟ੍ਰੈਪਟੋਸਾਈਕਲੀਨ ਅਤੇ 20 ਗਰਾਮ ਬਵਿਸਟਨ ਦਵਾਈ ਨਾਲ ਕੀਤੀ ਜਾਵੇ। ਬਿਜਾਈ ਨੂੰ ਡਰਿੱਲ ਰਾਹੀਂ ਕਰਨ ਨੂੰ ਤਰਜੀਹ ਦਿਤੀ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਪਹਿਲਾਂ ਖੇਤ ਨੂੰ ਪਾਣੀ ਦਿੱਤਾ ਜਾਵੇ।ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਇੱਕ ਲੀਟਰ ਸਟੌਂਪ 30 ਈ.ਸੀ (ਪੈਡੀਮੈਥਾਲੀਨ) 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇ ਕੀਤੀ ਜਾਵੇ।ਉਨਾਂ ਕਿਹਾ ਕਿ ਜੇਕਰ ਫਿਰ ਵੀ ਨਦੀਨ ਉੱਗ ਪੈਂਦੇ ਹਨ ਤਾਂ ਬਿਜਾਈ ਤੋਂ 20-25 ਦਿਨ ਬਾਅਦ 100 ਮਿਲੀ ਲੀਟਰ ਨੋਮਨੀ ਗੋਲਡ 10 ਐਸ.ਸੀ. ਜਾਂ 16 ਗਰਾਮ ਸੈਗਮੈਟ 50 ਡੀ.ਐਫ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ, ਕੋਸਿਸ ਕੀਤੀ ਜਾਵੇ ਕਿ ਛਿੜਕਾਅ ਸਾਮ ਵੇਲੇ ਕੀਤਾ ਜਾਵੇ।ਉਨਾਂ ਕਿਹਾ ਕਿ ਖਾਦਾਂ ਦੀ ਵਰਤੋਂ ਖੇਤੀਬਾਵੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸਾਂ ਅਨੁਸਾਰ ਹੀ ਕੀਤੀ ਜਾਵੇ।
ਖੇਤੀਬਾੜੀ ਵਿਕਾਸ ਅਫਸਰ ਕਾਹਲੋਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨਾਂ ਨੂੰ ਲੇਬਰ ਖਰਚਾ, ਮਸ਼ੀਨਰੀ ਦਾ ਖਰਚਾ ਅਤੇ ਮਸ਼ੀਨਰੀ ਦੀ ਰਿਪੇਅਰ ਆਦਿ ਰਲਾ ਕੇ 4000/- ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਦੀ ਬੱਚਤ ਹੁੰਦੀ ਹੈ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋ ਬਣਾਏ ਗਏ ਕਾਨੂੰਨ ਸੋਇਲ ਪ੍ਰਜ਼ਰਵੇਸਨ ਐਕਟ 2009 ਅਨੁਸਾਰ 15 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਪਨੀਰੀ ਰਾਹੀਂ ਨਾ ਕੀਤੀ ਜਾਵੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media