ਬਟਾਲਾ, 16 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) –
ਰਾਸ਼ਟਰੀ ਡੇਂਗੂ ਦਿਵਸ ਮੌਕੇ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ ਦੀਆਂ ਵਿਦਿਆਰਥਣਾਂ ਵੱਲੋਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਜਾਗਰੂਕ ਕਰਨ ਲਈ ਇਕ ਚੇਤਨਾ ਰੈਲੀ ਕੱਢੀ ਗਈ।ਇਸ ਚੇਤਨਾ ਰੈਲੀ ਨੂੰ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਮਾਤਾ ਸੁਲੱਖਣੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਕੁਮਾਰ ਭੱਲਾ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਖਮਿੰਦਰ ਕੌਰ ਤੇ ਸਮੂਹ ਸਟਾਫ ਵੀ ਹਾਜ਼ਰ ਸੀ।
ਚੇਤਨਾ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਕੂਲੀ ਵਿਦਿਆਰਥਣਾਂ ਨਾਲ ਗੱਲ ਕਰਦਿਆਂ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਇਕ ਜਾਨਲੇਵਾ ਬਿਮਾਰੀ ਹੈ ਪਰ ਕੁੱਝ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜਿਵੇਂ ਕਿ ਸਿਆਣਿਆਂ ਦਾ ਕਹਿਣਾ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ ਅਤੇ ਪਰਹੇਜ਼ ਤੇ ਸਾਵਧਾਨੀਆਂ ਵਰਤ ਕੇ ਅਸੀਂ ਨਿਰੋਗੀ ਜੀਵਨ ਬਸਰ ਕਰ ਸਕਦੇ ਹਾਂ।ਸੇਖੜੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਉਪਰਾਲੇ ਕਰ ਰਹੀ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਰਕਾਰੀ ਸਿਹਤ ਸੇਵਾਵਾਂ `ਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਦੇ ਨਾਲ ਮਾਹਿਰ ਡਾਕਟਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਉਨਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਸਮਾਜ `ਚ ਨਰੋਈ ਸਿਹਤ ਸਬੰਧੀ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਲੋਕਾਂ `ਚ ਚੇਤਨਾ ਪੈਦਾ ਕਰਨ `ਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਐਸ.ਐਮ.ਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਡੇਂਗੂ ਦੀ ਬਿਮਾਰੀ ਨੂੰ ਕੁਝ ਅਸਾਨ ਜਿਹੇ ਉਪਾਅ ਕਰਕੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ `ਚ ਪੈਦਾ ਹੁੰਦਾ ਹੈ, ਇਸ ਲਈ ਸਾਨੂੰ ਆਪਣੇ ਘਰਾਂ, ਕੰਮ ਵਾਲੇ ਸਥਾਨਾਂ ਅਤੇ ਆਲੇ-ਦੁਆਲੇ ਪਾਣੀ ਨੂੰ ਖੜੇ ਨਹੀਂ ਹੋਣ ਦੇਣਾ ਚਾਹੀਦਾ। ਉਨਾਂ ਕਿਹਾ ਕਿ ਘਰਾਂ `ਚ ਪਾਣੀ ਨਾਲ ਭਰੀਆਂ ਟੈਂਕੀਆਂ ਅਤੇ ਕੰਟੇਨਰਜ਼ ਨੂੰ ਚੰਗੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ। ਸਾਰੇ ਨਾ ਵਰਤਣਯੋਗ ਕੰਟੇਨਰਜ਼, ਜੰਕ ਮੀਟੀਰੀਅਲ, ਟਾਇਰ ਆਦਿ ਨੂੰ ਸਹੀ ਤਰੀਕੇ ਨਾਲ ਰੱਖਿਆ ਜਾਵੇ ਜਾਂ ਇਨਾਂ ਨੂੰ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਇਨਾਂ `ਚ ਪਾਣੀ ਨਾ ਖੜ ਸਕੇ।ਡਾ. ਭੱਲਾ ਨੇ ਕਿਹਾ ਕਿ ਹਰ ਹਫਤੇ ਸ਼ੁਕਰਵਾਰ ਦੇ ਦਿਨ ਨੂੰ ਡਰਾਈ ਡੇਅ ਵਜੋਂ ਮਨਾਉਂਦਿਆਂ ਕੂਲਰਾਂ ਨੂੰ ਖਾਲੀ ਅਤੇ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਜਰੂਰ ਕੂਲਰ ਦੇ ਅੰੰਦਰਲੇ ਹਿੱਸੇ ਨੂੰ ਪੇਂਟ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਫਤੇ `ਚ ਇੱਕ ਵਾਰ ਬਰਤਨਾਂ ਅਤੇ ਫੁੱਲਦਾਨਾਂ ਦੇ ਪਾਣੀ ਨੂੰ ਵੀ ਬਦਲਣਾ ਚਾਹੀਦਾ ਹੈ। ਪੂਰੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਓ ਕਰੀਮਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਬੁਖਾਰ ਹੋਣ `ਤੇ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ `ਚ ਡਾਕਟਰ ਕੋਲੋਂ ਚੈੱਕਅਪ ਕਰਾਉਣਾ ਚਾਹੀਦਾ ਹੈ ਅਤੇ ਸਿਰਫ ਪੈਰਾਸਿਟਾਮੋਲ ਦੀ ਵਰਤੋਂ ਅਤੇ ਜਿਆਦਾ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਨਾਂ ਕਿਹਾ ਸਮੂਹਿਕ ਯਤਨਾ ਨਾਲ ਅਸੀਂ ਡੇਂਗੂ ਦੀ ਬਿਮਾਰੀ ਨੂੰ ਫੈਲਣ ਤੋਂ ਅਸਾਨੀ ਨਾਲ ਰੋਕ ਸਕਦੇ ਹਾਂ।
ਇਸ ਉਪਰੰਤ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਬੈਨਰ ਅਤੇ ਤਖਤੀਆਂ ਜਿਨਾਂ `ਤੇ ਡੇਂਗੂ ਤੋਂ ਬਚਣ ਦੀਆਂ ਸਾਵਧਾਨੀਆਂ ਲਿਖੀਆਂ ਹੋਈਆਂ ਸਨ, ਨੂੰ ਹੱਥਾਂ `ਚ ਫੜ ਕੇ ਸ਼ਹਿਰ ਦੇ ਬਜ਼ਾਰਾਂ `ਚ ਚੇਤਨਾ ਰੈਲੀ ਕੱਢੀ ਗਈ। ਵਿਦਿਆਰਥਣਾਂ ਨੇ ਨਾਹਰੇ ਲਗਾ ਕੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਵਿਰੁੱਧ ਜਾਗਰੂਕ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media