Friday, June 26, 2026

ਪੰਜਾਬ ਦੇ ਸਾਰੇ ਸ਼ਹਿਰਾਂ ਦੇ ਸੀਵਰੇਜ ਬਰਸਾਤ ਤੋਂ ਪਹਿਲਾਂ ਹੋਣਗੇ ਸਾਫ -ਸਿੱਧੂ

PPN2605201716ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੇ ਪੁਰਾਣੇ ਸੀਵਰੇਜ, ਜਿੰਨਾਂ ਦੀ ਪਿਛਲੇ 15-20 ਸਾਲਾਂ ਤੋਂ ਸਫਾਈ ਤੱਕ ਨਹੀਂ ਹੋਈ, ਨੂੰ ਬਰਸਾਤ ਤੋਂ ਪਹਿਲਾਂ ਸਾਫ ਕਰ ਦਿੱਤਾ ਜਾਵੇਗਾ, ਤਾਂ ਕਿ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਜਾਂ ਦੁਕਾਨਾਂ ਵਿਚ ਨਾ ਵੜੇ। ਅੱਜ ਅੰਮ੍ਰਿਤਸਰ ਦੇ ਪੁਰਾਣੇ ਇਲਾਕੇ ਵਿਚ ਸੀਵਰੇਜ ਸਾਫ ਕਰਨ ਵਾਲੀਆਂ ਸੁਪਰ ਸਕਸ਼ਨ ਮਸ਼ੀਨਾਂ ਦੇ ਕੰਮ ਦੀ ਸ਼ੁਰੂਆਤ ਕਰਦੇ  ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ ਅਤੇ ਬਠਿੰਡਾ ਸ਼ਹਿਰ ਦੇ ਪੁਰਾਣੇ ਇਲਾਕਿਆਂ ਵਿਚ ਪਾਇਆ ਸੀਵਰੇਜ ਸਾਫ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰੀ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਉਕਤ ਸੀਵਰੇਜ ਪੁਰਾਣਾ ਪਿਆ ਹੋਣ ਕਾਰਨ 90 ਫੀਸਦੀ ਤੱਕ ਬੰਦ ਹੋ ਚੁੱਕਾ ਹੈ ਅਤੇ ਕੇਵਲ 10 ਫੀਸਦੀ ਨਾਲ ਹੀ ਕੰਮ ਚਲ ਰਿਹਾ ਸੀ, ਪਰ ਅਕਾਲੀ-ਭਾਜਪਾ ਸਰਕਾਰ ਨੇ ਇਸ ਪਾਸੇ ਉਕਾ ਧਿਆਨ ਨਾ ਕੇ ਇਸ ਸੰਕਟ ਨੂੰ ਹੋਰ ਵੱਡਾ ਕਰ ਦਿੱਤਾ ਸੀ।  ਉਨਾਂ ਦੱਸਿਆ ਕਿ ਇਹ ਕੰਮ ਮਸ਼ੀਨਾਂ ਦੀ ਮਦਦ ਨਾਲ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ 20 ਨਵੀਆਂ ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਅੱਜ ਗੁਰੂ ਨਗਰੀ ਤੋਂ ਸ਼ੁਰੂ  ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੱਲ੍ਹ ਲੁਧਿਆਣਾ ਵਿਚ ਇਹ ਮਸ਼ੀਨਾਂ ਕੰਮ ਸ਼ੁਰੂ ਕਰ ਦੇਣਗੀਆਂ। ਇਸੇ ਤਰਾਂ 3 ਜੂਨ ਨੂੰ ਪਟਿਆਲਾ, ਫਿਰ ਜਲੰਧਰ, ਮੁਹਾਲੀ ਤੇ ਬਠਿੰਡਾ ਦੇ ਸੀਵਰੇਜ ਨੂੰ ਸਾਫ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਹਿਰਾਂ ਵਿਚ ਪੀਣ ਵਾਲੇ ਪਾਣੀ ਦੀ ਬਿਹਤਰ ਸਪਲਾਈ ਅਤੇ ਸੀਵਰੇਜ ਦੀ ਸਫਾਈ ਲਈ 114 ਕਰੋੜ ਰੁਪਏ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਸ਼ਹਿਰਾਂ ਵਿਚ ਬੰਦ ਪਈਆਂ ਪਾਣੀ ਦੀਆਂ ਮੋਟਰਾਂ ਨੂੰ ਇਕ ਹਫਤੇ ਦੇ ਵਿਚ ਚਾਲੂ ਕਰ ਦਿੱਤਾ ਜਾਵੇਗਾ, ਜਿਸ ਨਾਲ ਪੀਣ ਵਾਲੇ ਪਾਣੀ ਦੀ ਢੁਕਵੀਂ ਸਪਲਾਈ ਸ਼ਹਿਰ ਵਾਸੀਆਂ ਨੂੰ ਮਿਲੇਗੀ। ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਇਥੇ 366 ਟਿਊਬਵੈਲ ਚੱਲ ਰਹੇ ਹਨ ਅਤੇ 28 ਟਿਊਬਵੈਲ ਲਾਪਰਵਾਹੀ ਕਾਰਨ ਬੰਦ ਪਏ ਹਨ, ਜੋ ਕਿ ਛੇਤੀ ਚਾਲੂ ਕੀਤੇ ਜਾਣਗੇ।
ਸਾਲਿਡ ਵੇਸਟ ਮੈਨਜਮੈਂਟ ਪਲਾਂਟ ਬਾਰੇ ਪੁੱਛੇ ਜਾਣ ’ਤੇ  ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਦੇ ਹਰ ਵੱਡੇ ਸ਼ਹਿਰ ਵਿਚ ਪੈਦਾ ਹੋ ਰਹੀ ਕੂੜੇ ਦੀ ਸਮੱਸਿਆ ਨਾਲ ਨਿਜੱਠਣ ਲਈ ਵਿਉਂਤਬੰਦੀ ਕਰ ਚੁੱਕੀ ਹੈ ਅਤੇ ਸ਼ਹਿਰਾਂ ਤੋਂ ਬਾਹਰ ਥਾਂ ਲੈਣ ਦਾ ਫੈਸਲਾ ਇਸ ਲਈ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਸ ਕੰਮ ਲਈ ਰਾਜ ਸਰਕਾਰ ਵੱਲੋਂ ਵੱਡੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਜੋ ਵੀ ਕੰਪਨੀ ਚੰਗਾ ਕੰਮ ਕਰੇਗੀ, ਉਸ ਨੂੰ ਵੱਧ ਤੋਂ ਵੱਧ ਕੰਮ ਅਲਾਟ ਕਰਕੇ ਸ਼ਹਿਰਾਂ ਵਿਚ ਪੈਦਾ ਹੁੰਦੀ ਕੂੜੇ ਦੀ ਸਮੱਸਿਆ ਨੂੰ ਸਦਾ ਲਈ ਖਤਮ ਕਰ ਦਿੱਤਾ ਜਾਵੇਗਾ।
ਇਸ ਮੌਕੇ ਹਾਜ਼ਰ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਪਿਛਲੀ ਸਰਕਾਰ ਕੈਂਸਰ ਵਰਗਾ ਰੂਪ ਧਾਰਨ ਕਰ ਚੁੱਕੀ ਕੂੜੇ ਦੀ ਬਿਮਾਰੀ ਦਾ ਇਲਾਜ ਮਾਮੂਲੀ ਦਵਾਈ ਨਾਲ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਹੁਣ ਕੈਪਟਨ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਇਸ ਦਾ ਅਪਰੇਸ਼ਨ ਰੂਪੀ ਇਲਾਜ ਸ਼ੁਰੂ ਹੋਇਆ ਹੈ, ਜਿਸ ਤੋਂ ਲੋਕਾਂ ਨੂੰ ਚੰਗੀ ਆਸ  ਬੱਝੀ ਹੈ। ਇਸ ਮੌਕੇ ਹਾਜ਼ਰ ਅੰਮ੍ਰਿਤਸਰ ਸ਼ਹਿਰ ਦੇ ਵਿਧਾਇਕਾਂ ਸ੍ਰੀ ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ ਅਤੇ ਸ੍ਰੀ ਸੁਨੀਲ ਦੱਤੀ ਨੇ ਵੀ ਕੈਪਟਨ ਸਰਕਾਰ ਦੀ ਅਗਵਾਈ ਹੇਠ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ। ਇਸ ਮੌਕੇ ਕਮਿਸ਼ਨਰ  ਗੁਰਲਵਲੀਨ ਸਿੰਘ ਸਿੱਧੂ, ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਅਤੇ ਹੋਰ ਹਸਤੀਆਂ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply