Saturday, April 18, 2026

ਵਿਦੇਸ਼ੀ ਯੂਨੀਵਰਸਿਟੀਆਂ ਦਾ ਭਾਰਤ ਆਉਣ ਦਾ ਮੰਤਵ  ਪੈਸਾ ਕਮਾਉਣਾ – ਪ੍ਰੋ. ਜੈ ਰੂਪ ਸਿੰਘ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 21  ਦਿਨਾਂ ਸਪੈਸ਼ਲ ਸਮਰ ਸਕੂਲ ਸੰਪੰਨ

PPN300615
ਅੰਮ੍ਰਿਤਸਰ ੩੦ ਜੂਨ ( ਪ੍ਰੀਤਮ ਸਿੰਘ )  – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ੨੧ ਦਿਨਾਂ ਸਪੈਸ਼ਲ ਸਮਰ ਸਕੂਲ ਅੱਜ ਇਥੇ ਸੰਪੰਨ ਹੋ ਗਿਆ। ਇਸ ਦਾ ਆਯੋਜਨ ਯੂਨੀਵਰਸਿਟੀ ਦੇ ਅਕਾਦਿਮਕ ਸਟਾਫ ਕਾਲਜ ਵੱਲੋਂ ਕੀਤਾ ਗਿਆ ਸੀ, ਜਿਸ ਵਿਚ ਰਾਜਾਂ ਦੇ ਵੱਖ ਵੱਖ ਹਿੱਸਿਆਂ ਤੋਂ ੨੯ ਅਧਿਆਪਕਾਂ ਨੇ ਭਾਗ ਲਿਆ। ਪ੍ਰਸਿੱਧ ਵਿਗਿਆਨੀ, ਸਿਖਿਆ ਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਤੇ ਸੈਂਟਰ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਫਾਂਊਡਰ ਵਾਈਸ-ਚਾਂਸਲਰ, ਪ੍ਰੋ. ਜੈ ਰੂਪ ਸਿੰਘ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਸਨ। ਉਨਾਂ ਇਸ ਮੌਕੇ ਭਾਰਤ ਦੀ ਸਿਖਿਆ ਸਥਿਤੀ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਦਹਾਕਿਆਂ ਵਿਚ ਭਾਰਤ ਵਿਚ ਉਚੇਰੀ ਸਿਖਿਆ ਸੰਸਥਾਵਾਂ ਵਿਚ ਕਾਫੀ ਵਾਧਾ ਹੋਇਆ ਹੈ ਪਰ ਬਹੁਤ ਸਾਰੇ ਸਿਖਿਆ ਅਦਾਰੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿਕੀ) ਅਤੇ ਹੋਰ ਅਦਾਰਿਆਂ ਵੱਲੋਂ ਕੀਤੇ ਸਰਵੇਅ ਅਨੁਸਾਰ ਐਵਰੇਜ ਤੋਂ ਵੀ ਹੇਠਾਂ ਹਨ। ਉਨਾਂ ਕਿਹਾ ਕਿ ਸਿਖਿਆ ਦੀ ਅਜਿਹੀ ਹਾਲਤ ਲਈ ਅੰਨੇਵਾਹ ਸਿਖਿਆ ਦਾ ਵਪਾਰੀਕਰਨ ਜ਼ਿੰਮੇਵਾਰ ਹੈ। 
ਉਨਾਂ ਬਹੁਤ ਸਾਰੇ ਸਰਵੇਅ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਜਿਹੀਆ ਸਿਖਿਆਂ ਸੰਸਥਾਵਾਂ ਵਿਚੋਂ ਪੜਾਈ ਪੂਰੀ ਕਰਨ ਵਾਲੇ ਵਿਦਿਆਰਥੀ ਨੌਕਰੀ ਕਰਨ ਵੇਲੇ ਆਪਣੇ ਨੌਕਰੀ ਦੇਣ ਵਾਲੀਆਂ ਸੰਸਥਾਵਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਦੇ। ਉਨਾਂ ਕਿਹਾ ਕਿ ਇਕ ਪਾਸੇ ਤਾਂ ਉਚੇਰੀ ਸਿਖਿਆ ਸੰਸਥਾਵਾਂ ਵਿਚ ਅਧਿਆਪਕਾਂ ਵਿਚ ਕੁਸ਼ਲਤਾ ਦੀ ਕਮੀ ਹੈ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਯੋਗ ਅਧਿਆਪਕ ਹਨ। ਉਨਾਂ ਕਿਹਾ ਕਿ ਇਸ ਵਿਰੋਧਾਭਾਸੀ ਸਥਿਤੀ ਲਈ ਕੁਸ਼ਲ ਨਹੀਂ ਪਰ ਯੋਗਤਾ ਪ੍ਰਾਪਤ ਅਧਿਆਪਕਾਂ ਦਾ ਹੋਣਾ ਹੈ। 
ਪ੍ਰੋ. ਜੈ ਰੂਪ ਸਿੰਘ ਨੇ ਕਿਹਾ ਕਿ ਵਿਦੇਸ਼ੀ ਯੂਨੀਵਰਸਿਟੀਆਂ ਦਾ ਭਾਰਤ ਵਿਚ ਆਉਣ ਦਾ ਮੰਤਵ ਸਿਖਿਆ ਦਾ ਪਾਸਾਰ ਕਰਨਾ ਨਹੀਂ ਸਗੋਂ ਪੈਸਾ ਕਮਾਉਣਾ ਹੈ। ਉਨਾਂ ਅਧਿਆਪਕਾਂ ਨੂੰ ਕਿਹਾ ਕਿ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਉਚੇਰੀ ਸਿਖਿਆ ਵਿਚ ਸਹੀ ਬਦਲਾਅ ਲਿਆਂਦੇ ਜਾ ਸਕਣ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੋਰਸ ਵਿਚ ਭਾਗ ਲੈਣ ਵਾਲੇ ਅਧਿਆਪਕ ਕੋਰਸ ਦੌਰਾਨ ਪ੍ਰਾਪਤ ਗਿਆਨ ਨੂੰ ਉਹ ਆਪਣੇ ਵਿਦਿਆਰਥੀਆਂ ਵਿਚ ਵੰਡਣ। ਇਸ ਮੌਕੇ ਪ੍ਰੋ. ਸੁਖਦੇਵ ਸਿੰਘ, ਪ੍ਰੋ. ਜੀ.ਐਸ. ਵਿਰਕ, ਪ੍ਰੋ. ਵਨੀਤਾ ਕੁਮਾਰ, ਪ੍ਰੋ. ਜਤਿੰਦਰ ਸਿੰਘ, ਪ੍ਰੋ. ਐਮ.ਐਸ. ਬਕਸ਼ੀ ਅਤੇ ਪ੍ਰੋ. ਐਮ.ਐਸ. ਗਿੱਲ ਹਾਜ਼ਰ ਸਨ। ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply