ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਨੂੰ ਸਮੇਂ ਅਨੁਸਾਰ ਅਤੇ ਉਦਯੋਗਿਕ ਖੇਤਰ ਦੀ ਲੋੜ ਨੂੰ ਪੂਰਦੇ ਹੋਏ ਨਵਾਂ ਰੂਪ ਦਿੱਤਾ ਜਾ ਰਿਹਾ
ਹੈ।ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਕਿੱਤਾਮੁਖੀ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁਕਦੇ ਹੋਏ, ਪੰਜਾਬ ਸਰਕਾਰ ਵਲੋਂ ਦੇਸ਼ ਭਰ ਵਿਚ ਚਲਾਏ ਜਾਣ ਵਾਲੇ ਆਈ.ਆਈ.ਟੀ ਦੀ ਤਰਜ਼ ’ਤੇ, ਤਕਨੀਕੀ ਸਿੱਖਿਆ ਦਿੱਤੀ ਜਾਵੇਗੀ।ਇਸ ਖੇਤਰ ’ਚ ਵੱਡੇ ਉਪਰਾਲੇ ਕਰਦਿਆਂ ਤਕਨੀਕੀ ਸਿੱਖਿਆ ਦੇ ਸਿਲੇਬਸ ’ਚ ਉਦਯੋਗਿਕ ਖੇਤਰ ਦੀ ਲੋੜ ਮੁਤਾਬਿਕ ਬਦਲਾਅ ਲਿਆਂਦੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮਿਲ ਸਕਣ।ਇਸ ਨਾਲ ਇੱਕ ਪਾਸੇ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਹੀ ਉਦਯੋਗਿਕ ਵਿਕਾਸ ਵੀ ਵਧੇਗਾ। ਘਰ-ਘਰ ਰੁਜ਼ਗਾਰ ਦੇ ਨਾਹ੍ਹਰੇ ਹੇਠ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਤਕਨੀਕੀ ਸਿੱਖਿਆ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਸਾਨੀ ਨਾਲ ਨੌਕਰੀਆਂ ਮਿਲ ਸਕਣ।
ਚੰਨੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਦੌਰੇ ’ਤੇ ਆਏ ਸਨ ਜਿਥੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜੇ.ਐਸ. ਹੁੰਦਲ ਅਤੇ ਹੋਰ ਸਟਾਫ਼ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਸ਼੍ਰੀ ਚੰਨੀ ਨੇ ਯੂਨੀਵਰਸਿਟੀ ਵਿਖੇ ਨਵੇਂ ਬਣੇ ਫਾਰਮਾਸੂਟੀਕਲ ਵਿਭਾਗ ਦੀ ਇਮਾਰਤ ਅਤੇ ਯੂਨੀਵਰਸਿਟੀ ਦੇ ਬਣਾਏ ਗਏ ਨਵੇਂ ਮੁੱਖ ਗੇਟ ਦਾ ਵੀ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਲੇਬਸ ’ਚ ਵੱਡੇ ਬਦਲਾਅ ਲਿਆਉਣ ਤੋਂ ਇਲਾਵਾ ਤਕਨੀਕੀ ਕਾਲਜਾਂ ਦੇ ਅਧਿਆਪਕਾਂ ਲਈ ਵੀ ਵੱਖਰੇ ਸਿਖਲਾਈ ਕੋਰਸ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਸੂਬੇ ਭਰ ’ਚ ਮਾਡਲ ਯੂਨੀਵਰਸਿਟੀ ਵਜੋਂ ਬਣਾਈ ਜਾਵੇਗੀ ਜਿਥੇ ਪੜ੍ਹਾਈ ਦੇ ਨਾਲ-ਨਾਲ ਕੈਂਪਸ ਪਲੇਸਮੈਂਟ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਕੈਂਪਸ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ, ਜਿਹੜਾ ਕਿ ਇੱਕ ਵੱਖਰੀ ਦਿੱਖ ਪ੍ਰਦਾਨ ਕਰੇਗਾ।ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਉਨ੍ਹਾਂ ਬਾਰੇ ਇਤਿਹਾਸ ਵੀ ਲਿਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ’ਚ ਨਕਲ ’ਤੇ ਸ਼ਿਕੰਜਾ ਕਸਦਿਆਂ ਸੀ.ਸੀ.ਟੀ.ਵੀ ਕੈਮਰੇ ਪ੍ਰੀਖਿਆ ਕੇਂਦਰਾਂ ’ਚ ਲਗਵਾਏ ਜਾਣਗੇ।ਇਸ ਦੇ ਨਾਲ ਹੀ ਹਰੇਕ ਵਿਦਿਆਰਥੀ ਦੀ ਜਵਾਬ ਪੱਤਰਿਕਾ (ਉਤਰ ਕਾਪੀ) ਇੰਟਰਨੈਟ ’ਤੇ ਅਪਲੋਡ ਕਰ ਦਿੱਤੀ ਜਾਵੇਗੀ ਤਾਂ ਜੋ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਕਾਰਗੁਜ਼ਾਰੀ ਦੇਖ ਸਕਣ। ਜੇਕਰ ਕੋਈ ਵੀ ਵਿਦਿਆਰਥੀ ਆਪਣੀ ਉਤਰ ਕਾਪੀ ਦੁਬਾਰਾ ਚੈੱਕ ਕਰਵਾਉਂਦਾ ਹੈ ਅਤੇ ਜੇਕਰ ਚੈਕਿੰਗ ਤੋਂ ਬਾਅਦ ਉਸ ਦੇ 10 ਨੰਬਰਾਂ ਤੋਂ ਵਧਦੇ ਹਨ ਤਾਂ ਸਬੰਧਤ ਅਧਿਆਪਕ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪ੍ਰੀਖਿਆ ਦੌਰਾਨ ਉਡਣ ਦਸਤੇ ਵਿਦਿਆਰਥੀਆਂ ਨੂੰ ਨਕਲ ਕਰਦੇ ਹੋਏ ਫੜਦੇ ਹਨ ਤਾਂ ਸਬੰਧਤ ਸਟਾਫ਼ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪ੍ਰੀਖਿਆ ਕੇਂਦਰ ਮਿਲੀ ਭੁਗਤ ਨਾਲ ਵਿਦਿਆਰਥੀਆਂ ਨੂੰ ਨਕਲ ਕਰਵਾਉਂਦਿਆਂ ਪਾਇਆ ਗਿਆ ਤਾਂ ਉਸ ਪ੍ਰੀਖਿਆ ਕੇਂਦਰ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਅਤੇ ਨਕਲ ਵਿਚ ਸ਼ਾਮਲ ਅਧਿਆਪਕਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media