ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) -ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਰੁੱਖ ਅਤੇ ਮਨੁੱਖ ਦੀ ਸਦੀਵ ਕਾਲ ਤੋਂ ਚੱਲੀ ਆ ਰਹੀ ਸਾਂਝ
ਨੂੰ ਚੇਤਾ ਕਰਵਾਉਂਦੇ ਆ ਰਹੇ ਮੌਨਸੂਨ ਦੇ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨਾਂ ਨੂੰ ਪਾਲਣ ਦਾ ਸੱਦਾ ਜਿਲ੍ਹਾ ਵਾਸੀਆਂ ਨੂੰ ਦਿੱਤਾ ਹੈ।ਅੱਜ ਇਸ ਵਿਸ਼ੇ ’ਤੇ ਜਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ, ਵਿਦਿਅਕ ਸੰਸਥਾਵਾਂ ਦੇ ਮੁਖੀਆਂ ਅਤੇ ਸ਼ਹਿਰ ਦੀਆਂ ਨਾਮੀ ਹਸਤੀਆਂ ਨਾਲ ਮੀਟਿੰਗ ਕਰਦੇ ਹੋਏ ਉਨਾਂ ਦੱਸਿਆ ਕਿ 5 ਜੂਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਆਡੀਟੋਰੀਅਮ ਵਿਚ ਵਾਤਾਵਰਣ ਦਿਵਸ ਮਨਾਇਆ ਜਾਵੇਗਾ, ਜਿਸ ਵਿਚ ਕੁਦਰਤ ਨੂੰ ਪਿਆਰ ਕਰਨ ਵਾਲੀ ਹਸਤੀਆਂ ਸਾਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂੰ ਕਰਵਾ ਕੇ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦੇਣਗੀਆਂ।ਉਨਾਂ ਸਕੂਲ ਮੁੱਖੀਆਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ, ਕਿਉਂਕਿ ਅੱਜ ਦੇ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ ਅਤੇ ਜੇਕਰ ਬੱਚਿਆਂ ਦੀ ਸਾਂਝ ਮਾਨਸਿਕ ਤੌਰ ’ਤੇ ਰੁੱਖਾਂ ਨਾਲ ਪੈ ਗਈ ਤਾਂ ਇਸ ਦਾ ਅਸਰ ਕਈ ਦਹਾਕਿਆਂ ਤੱਕ ਪੈਂਦਾ ਰਹੇਗਾ।
ਡਿਪਟੀ ਕਮਿਸ਼ਨਰ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਪ੍ਰਤੀ ਸਕੂਲ 40-40 ਬੂਟੇ ਅਜਿਹੇ ਲਗਾਉਣ, ਜੋ ਕਿ ਆਪਣੀ ਜ਼ਮੀਨ, ਮੌਸਮ ਅਤੇ ਪੌਣਪਾਣੀ ਨੂੰ ਬਰਦਾਸ਼ਤ ਕਰ ਸਕਦੇ ਹੋਣ। ਉਨਾਂ ਕਿਹਾ ਕਿ ਰੁੱਖ ਲਗਾਉਣ ਦੇ ਟੀਚੇ ਪੂਰੇ ਕਰਨ ਲਈ ਗਿਣਤੀ ਵਧਾਉਣੀ ਕਾਫੀ ਨਹੀਂ, ਬਲਕਿ ਇਨਾਂ ਨੂੰ ਪਾਲਣਾ ਮਾਇਨੇ ਰੱਖਦਾ ਹੈ।ਸੰਘਾ ਨੇ ਸਕੂਲ ਮੁਖੀਆਂ ਨੂੰ ਸੁਝਾਅ ਦਿੱਤਾ ਕਿ ਉਹ ਬੱਚਿਆਂ ਨੂੰ ਇੰਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕਰਨ, ਜਿਸ ਨਾਲ ਉਨਾਂ ਦਾ ਪਿਆਰ ਰੁੱਖਾਂ ਨਾਲ ਬਣੇਗਾ।
ਸੰਘਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਫੈਲਦੀ ਗੰਦਗੀ ਨੂੰ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਹਰੇਕ ਘਰ, ਸਕੂਲ, ਵਪਾਰਕ ਅਦਾਰੇ, ਦੁਕਾਨ ਆਦਿ ਵਿਚ ਡਸਟਬੀਨ ਦੀ ਵਰਤੋਂ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਇਹ ਕੂੜਾ ਗਲੀਆਂ ਜਾਂ ਸੜਕਾਂ ਆਦਿ ’ਤੇ ਨਾ ਖਿਲਾਰ ਕੇ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਦਾਈ ਖਿਦਮਤਗਾਰ, ਮਿਸ਼ਨ ਆਗਾਜ, ਲਾਇਨਜ਼ ਕਲੱਬ, ਅੰਮ੍ਰਿਤਸਰ ਵਿਕਾਸ ਮੰਚ ਅਤੇ ਹੋਰ ਕਈ ਨਾਮੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ, ਜਿੰਨਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਰੁੱਖ ਲਗਾਉ ਮੁਹਿੰਮ ਵਿਚ ਵੱਧ ਤੋਂ ਵੱਧ ਸਾਥ ਦੇਣ ਦੀ ਹਾਮੀ ਭਰੀ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐਸ.ਡੀ.ਐਮ ਅਨੂੰਪ੍ਰੀਤ ਕੌਰ, ਐਸ.ਡੀ.ਐਮ ਨਿਤੇਸ਼ ਸਿੰਗਲਾ, ਡੀ.ਈ.ਓ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media