ਧੀਆਂ ਵਿਦੇਸ਼ਾਂ ਵਿੱਚ ਵਿਆਹੁਣ ਤੋਂ ਪਹਿਲਾਂ ਡੂੰਘੀ ਜਾਂਚ ਕਰੋ – ਪਰਮਜੀਤ ਕੌਰ ਲਾਂਡਰਾ
ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਪਰਵਾਸੀ ਵਿਆਹਾਂ ਵਿੱਚ ਧੋਖੇ ਅਤੇ ਔਰਤਾਂ ਉੱਤੇ
ਅਤਿਆਚਾਰ ਦੀਆਂ ਜਿਨ੍ਹੀਆਂ ਸ਼ਿਕਾਇਤਾਂ ਸਾਰੇ ਦੇਸ਼ ਵਿਚੋਂ ਆਉਂਦੀਆਂ ਹਨ ਓਨੀ ਗਿਣਤੀ ਵਿੱਚ ਹੀ ਇੱਕਲੇ ਪੰਜਾਬ ਤੋਂ ਆਉਂਦੀਆਂ ਹਨ। ਅੱਜ ਪੰਜਾਬ ਮਹਿਲਾ ਕਮਿਸ਼ਨ ਦੇ ਸਹਿਯੋਗ ਨਾਲ ਇਥੇ ਪਰਵਾਸੀ ਵਿਆਹਾਂ ਬਾਰੇ ਕਰਵਾਏ ਗਏ ਵਿਸੇਸ਼ ਸੈਮੀਨਰ ਵਿੱਚ ਬੋਲਦਿਆਂ ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਅਜਿਹਾ ਲੜਕੀਆਂ ਦੇ ਮਾਪਿਆਂ ਵਲੋਂ ਸਾਰੇ ਪਰਿਵਾਰ ਦੇ ਵਿਦੇਸ਼ ਸਥਾਪਿਤ ਹੋਣ ਦੀ ਚਾਹਤ ਵਿਚ ਹੁੰਦਾ ਹੈ ਜੋ ਕਿ ਬਿਨ੍ਹਾਂ ਕੁਝ ਸੋਚੇ ਸਮਝੇ ਪੜ੍ਹੀਆਂ ਲਿਖੀਆਂ ਧੀਆਂ ਦੇ ਵਿਆਹ ਜਲਦਬਾਜੀ ਵਿਚ ਪਰਵਾਸੀ ਲਾੜ੍ਹਿਆਂ ਨਾਲ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਅਜਿਹੇ ਧੋਖਾਧੜੀ ਦੇ ਕੇਸਾਂ ਵਿੱਚ ਪੀੜ੍ਹਤ ਲੜਕੀਆਂ ਦੀ ਮਦਦ ਕਰ ਰਿਹਾ ਹੈ ਅਤੇ ਜੇਕਰ ਕਿਸੇ ਨੂੰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਉਹ ਪੰਜਾਬ ਮਹਿਲਾ ਕਮਿਸ਼ਨ ਨਾਲ ਜਾਂ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਮਦਦ ਲੈ ਸਕਦਾ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ ਵਿਚ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਮਿਲ ਕੇ ਕੰਮ ਕਰ ਰਿਹਾ ਹੈ ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਇਸ ਮੌਕੇ ਸੰਬੋਧਨ ਕਰਦੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਸ੍ਰੀਮਤੀ ਪਰਮਜੀਤ ਕੌਰ ਲਾਂਡਰਾ ਨੇ ਕਿਹਾ ਕਿ ਮਾਪਿਆਂ ਵਲੋਂ ਲੜਕੀਆਂ ਨੂੰ ਵਿਦੇਸ਼ ਜਾਣ ਲਈ ਪੌੜੀ ਬਣਾਉਣਾ ਸਭ ਤੋਂ ਵੱਡਾ ਗੁਨਾਹ ਹੈ।ਉਨ੍ਹਾਂ ਕਿਹਾ ਕਿ ਜੇਕਰ ਮਾਪੇ ਵਿਆਹ ਤੋਂ ਪਹਿਲਾਂ ਰਿਸ਼ਤੇ ਦੀ ਚੋਣ ਵੇਲੇ ਪਰਵਾਸੀ ਲਾੜ੍ਹਿਆਂ ਦੀ ਚੰਗੀ ਤਰ੍ਹਾਂ ਤਹਿਕੀਕਾਤ ਕਰ ਲੈਣ ਤਾਂ ਅਜਿਹੇ ਧੋਖੇ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਅਜਿਹੇ ਧੋਖਾਧੜੀ ਦੇ ਕੇਸਾਂ ਵਿੱਚ ਪੀੜ੍ਹਤ ਲੜਕੀਆਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਅੱਜ ਦਾ ਇਹ ਸੈਮੀਨਾਰ ਵਿਚ ਇਸੇ ਮਦਦ ਦਾ ਇਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਕਈ ਕੇਸਾਂ ਵਿੱਚ ਪਰਵਾਸੀ ਲਾੜ੍ਹਿਆਂ ਵਲੋਂ 8-8 ਵਿਆਹ ਕਰਾਉਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ ਜੋ ਕਿ ਮਾਪਿਆਂ ਦੀ ਕਾਹਲੀ ਨੂੰ ਬਿਆਨ ਕਰਦੀਆਂ ਹਨ।
ਇਸ ਮੌਕੇ ਐਨ ਆਰ ਆਈ ਪੁਲਿਸ ਵਿੰਗ ਦੇ ਏ ਆਈ ਜੀ ਸ੍ਰੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸਨੇ ਪਰਵਾਸੀ ਕੇਸਾਂ ਨਾਲ ਨਜਿੱਠਣ ਲਈ ਐਨ ਆਰ ਆਈ ਵਿੰਗ ਕਾਇਮ ਕੀਤਾ ਹੈ ਜਿਸ ਦੇ 15 ਥਾਣੇ ਅਤੇ ਆਈ ਜੀ ਇੰਚਾਰਜ ਹਨ।ਉਨ੍ਹਾਂ ਦੱਸਿਆ ਕਿ ਅਜਿਹੇ ਧੋਖਾਧੜੀ ਦੇ ਕੇਸਾਂ ਵਿੱਚ ਪੁਲਿਸ ਦਾ ਐਨ ਆਰ ਆਈ ਵਿੰਗ ਤੁਰੰਤ ਕਾਰਵਾਈ ਕਰਦਾ ਹੈ ਅਤੇ ਕਈ ਕੇਸਾਂ ਵਿਚ ਅਸੀਂ ਦੂਸਰਾ ਵਿਆਹ ਮੌਕੇ ਉੱਤੇ ਪਹੁੰਚ ਕੇ ਵੀ ਰੁਕਵਾਇਆ ਹੈ।ਉਨ੍ਹਾਂ ਦੱਸਿਆ ਕਿ ਇਸ ਲਈ ਸਾਡੇ ਫੋਨ, ਵਟਸ-ਐਪ, ਮੇਲ ਆਈ ਡੀ ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਪਰਵਾਸੀ ਪੀੜ੍ਹਤ ਲੜਕੀਆਂ ਦੀ ਮਦਦ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸ੍ਰੀਮਤੀ ਦਲਜੀਤ ਕੌਰ ਨੇ ਇਸ ਮੌਕੇ ਹਾਜ਼ਰ ਸੀਡੀਪੀਓ, ਬਲਾਕ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਅਜਿਹੇ ਧੋਖਿਆਂ ਤੋਂ ਬਚਾਉਣ ਲਈ ਜਾਗਰੂਕ ਕਰਨ ਤਾਂ ਜੋ ਲੋਕ ਵਿਦੇਸ਼ਾਂ ਵਿੱਚ ਰਿਸ਼ਤੇ ਬਣਾਉਣ ਨਾ ਕਿ ਸੌਦੇ ਕਰਨ। ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ ਵਿੱਚ ਕਾਨੁੰਨ ਦੀ ਮਦਦ ਨਾਲ ਪਰਵਾਸੀ ਲਾੜ੍ਹੇ ਨੂੰ ਵਿਦੇਸ਼ ਤੋਂ ਵੀ ਹਵਾਲਗੀ ਰਾਹੀਂ ਕਾਨੂੰਨ ਦੀ ਗ੍ਰਿਫਤ ਵਿਚ ਲਿਆਂਦਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਆਈਲੈਟਸ ਕਰਕੇ ਲੜਕੇ ਨੂੰ ਵਿਦੇਸ਼ ਵਿੱਚ ਪੱਕੇ ਕਰਾਉਣ ਵਾਲੀਆਂ ਲੜਕੀਆਂ ਦੇ ਪਤੀ ਵੀ ਫਰਾਰ ਹੋਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ।ਉਨ੍ਹਾਂ ਪੁਲਿਸ ਦੇ ਨਾਲ-ਨਾਲ ਲੋਕਾਂ ਨੂੰ ਵੀ ਇਨਸਾਨੀਅਤ ਦੇ ਤੌਰ ਤੇ ਅਜਿਹੇ ਕੇਸਾਂ ਵਿਚ ਪੀੜ੍ਹਤ ਲੜਕੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ।ਉਨ੍ਹਾਂ ਸੱਦਾ ਦਿੱਤਾ ਕਿ ਉਹ ਅਜਿਹੇ ਕੇਸਾਂ ਸਬੰਧੀ ਜਾਗਰੂਕਤਾ ਸੈਮੀਨਾਰ ਵਿਚ ਪੰਜਾਬ ਵਿੱਚ ਕਿੱਧਰੇ ਵੀ ਜਾਣ ਲਈ ਹਰ ਵੇਲੇ ਤਿਆਰ ਹਨ।ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ ਢਿਲੋਂ, ਜਗਜੀਤ ਕੌਰ ਡਾਇਰੈਕਟਰ ਯੂਥ ਵੇਲਫੇਅਰ, ਉਤਰਾਖੰਡ ਤੋਂ ਮਹਿਲਾ ਕਮਿਸ਼ਨ ਦੇ ਚੇਅਰਮੈਨ ਸ੍ਰੀਮਤੀ ਸਰੋਜਨੀ, ਜੰਮੂ ਕਸ਼ਮੀਰ ਮਹਿਲਾ ਕਮਿਸ਼ਨ ਦੇ ਚੇਅਰਮੈਨ ਨਾਇਮਾ ਅਹਿਮਦ, ਕਿਰਨਪ੍ਰੀਤ ਕੌਰ ਧਾਮੀ, ਸਤਬੀਰ ਕੌਰ ਮਨਹੇੜਾ, ਵੀਰਪਾਲ ਕੌਰ ਤਰਮਾਲਾ, ਪੁਸ਼ਪਿੰਦਰ ਕੌਰ ਮਜਬੂਰ, ਦਰਸ਼ਨ ਕੌਰ, ਪਲਵਿੰਦਰ ਕੌਰ, ਪੂਨਮ ਅਰੋੜਾ, ਸੁਖਦੇਵ ਕੌਰ ਸ਼ਾਲਾ (ਸਾਰੇ ਮੈਂਬਰ ਮਹਿਲਾ ਕਮਿਸ਼ਨ)।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media