Saturday, June 27, 2026

ਸ਼ਹਿਰਾਂ ਵਿਚ ਹੋਈਆਂ ਨਾਜਾਇਜ਼ ਉਸਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ – ਨਵਜੋਤ ਸਿੱਧੂ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਕਾਪੋਰੇਸ਼ਨ ਦੇ ਅਧਿਕਾਰੀਆਂ ਤੋਂ ਨਾਜਾਇਜ਼ ਕਬਜ਼ਿਆਂ ਦੀ ਸੂਚੀ ਮੰਗਦੇ PPN1706201705ਕਿਹਾ ਕਿ ਸ਼ਹਿਰ ਵਿਚ ਹੋਈ ਇਕੱਲੀ-ਇਕੱਲੀ ਨਾਜਾਇਜ਼ ਉਸਾਰੀ ਦੀ ਉਨਾਂ ਨੂੰ ਖਬਰ ਹੈ ਅਤੇ ਕੋਈ ਵੀ ਉਸਾਰੀ ਬਾਹਰ ਨਾ ਰੱਖ ਕੇ ਮੈਨੂੰ ਇਸ ਦੀ ਸੂਚੀ ਚਾਰ ਦਿਨਾਂ ਵਿਚ ਸੌਂਪੀ ਜਾਵੇ। ਅੱਜ ਸ਼ਹਿਰ ਵਿਚ ਚੱਲ ਰਹੇ ਸੀਵਰੇਜ ਪ੍ਰਾਜੈਕਟ ਦੇ ਕੰਮ ਬਾਰੇ ਮੀਟਿੰਗ ਲੈਣ ਆਏ ਸਿੱਧੂ ਨੇ ਸਪੱਸ਼ਟ ਕੀਤਾ ਕਿ ਇੰਨਾਂ ਉਸਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਛੇਤੀ ਅਮਲ ਵਿਚ ਲਿਆਂਦੀ ਜਾਵੇਗੀ।
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨਾਂ ਤਾੜਨਾ ਭਰੇ ਲਫਜ਼ਾਂ ਵਿਚ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਣਗੌਲੇ ਨਾ ਕਰਨ। ਉਨਾਂ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਸਰਕਾਰ ਹਨ ਉਨਾਂ ਕਿਹਾ ਕਿ ਲੋਕਾਂ ਨੇ ਸਾਨੂੰ ਆਪਣੇ ਕੰਮਾਂ ਲਈ ਚੁਣਿਆ ਹੈ ਅਤੇ ਉਨਾਂ ਦੇ ਕੰਮ ਕਰਨੇ ਸਾਡਾ ਧਰਮ ਹੈ। ਉਨਾਂ ਕਿਹਾ ਕਿ ਇਸ ਧਰਮ ’ਤੇ ਖਰਾ ਉਤਰਨਾ ਹੋਰ ਲੋਕ ਨੰਮਾਇਦੇ ਦਾ ਫਰਜ਼ ਹੈ ਅਤੇ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸਾਰੇ ਅਧਿਕਾਰੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਮਸਲੇ ਸੁਣਨ ਤੇ ਉਨਾਂ ਨੂੰ ਹੱਲ ਕਰਨ।
ਬੀਤੇ ਦਿਨੀਂ ਅੰਮ੍ਰਿਤਸਰ ਸਥਿਤ ਮੁੱਖ ਮੰਤਰੀ ਦੇ ਕੈਂਪ ਦਫਤਰ ’ਤੇ ਪੁਲਿਸ ਵੱਲੋਂ ਛਾਪਾ ਮਾਰਨ ਬਾਰੇ ਪੁੱਛੇ ਜਾਣ ’ਤੇ ਸਿੱਧੂ ਨੇ ਕਿਹਾ ਕਿ ਜਿਸ ਵੀ ਅਧਿਕਾਰੀ ਨੇ ਇਹ ਕੰਮ ਕੀਤਾ ਹੈ, ਉਸ ਨੂੰ ਇਸ ਦੀ ਸਜ਼ਾ ਮਿਲੇਗੀ।ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਅੰਮ੍ਰਿਤਸਰ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰ ਇਹ ਮੰਗ ਕਰ ਰਹੇ ਹਨ ਕਿ ਇਸ ਤਰਾਂ ਦੀ ਨਜਾਇਜ਼ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ, ਉਸ ਪਰਚਾ ਦਰਜ ਕੀਤਾ ਜਾਵੇ।ਉਨਾਂ ਦੱਸਿਆ ਕਿ ਅੱਜ ਗ੍ਰਹਿ ਸਕੱਤਰ ਐਨ.ਐਸ ਕਲਸੀ ਇਸ ਮੁੱਦੇ ’ਤੇ ਅੰਮ੍ਰਿਤਸਰ ਆਏ ਹਨ ਅਤੇ ਇਕ-ਦੋ ਦਿਨਾਂ ਵਿਚ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਹੋ ਜਾਵੇਗੀ।
ਅੰਮ੍ਰਿਤਸਰ ਕਾਰਪੋਰੇਸ਼ਨ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਇੰਨਾਂ ਵੱਲੋਂ 800 ਕਰੋੜ ਰੁਪਏ ਦੇ ਸਿੰਗਲ ਟੈਂਡਰ ਜਾਰੀ ਕੀਤੇ ਗਏ ਹਨ, ਜਿੰਨਾਂ ਦੀ ਜਾਂਚ ਹੋਵੇਗੀ ਅਤੇ ਇਸ ਘਪਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਰਵਾਈ ਹੋਵੇਗੀ। ਉਨਾਂ ਕਿਹਾ ਕਿ ਉਹ ਅਗਲਾ ਸਾਰਾ ਹਫਤਾ ਸ਼ਹਿਰ ਵਿਚ ਰਹਿ ਕੇ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ-ਇਕ ਦਿਨ ਲਗਾ ਕੇ ਉਥੋਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨਾਂ ਨੂੰ ਹੱਲ ਕਰਨਗੇ।ਉਨਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ, ਜੋ ਕਿ ਸ਼ਹਿਰ ਦੇ ਭਲੇ ਲਈ ਬਣਾਏ ਗਏ ਹਨ, ਦਾ ਪੈਸਾ ਸ਼ਹਿਰੀਆਂ ਦੀ ਸਹੂਲਤਾਂ ’ਤੇ ਖਰਚ ਕੀਤਾ ਜਾਵੇਗਾ।
ਸਿੱਧੂ ਨੇ ਅੱਜ ਰਾਮਤੀਰਥ ਸੜਕ ’ਤੇ ਬਣ ਰਿਹਾ ਸੀਵਰੇਜ, ਜੋ ਕਿ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਹੈ, ਦਾ ਕੰਮ ਤੁਰੰਤ ਚਾਲੂ ਕਰਨ ਦੀ ਹਦਾਇਤ ਕੀਤੀ।ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਰਸਤੇ ਦੇ ਬਦਲ ਵਜੋਂ ਪੰਜ ਦੂਸਰੇ ਰਸਤੇ ਚਾਲੂ ਕਰਕੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਅਤੇ ਰਾਤ-ਦਿਨ ਕੰਮ ਕਰਵਾ ਕੇ ਇਸ ਨੂੰ ਛੇਤੀ ਨੇਪਰੇ ਚਾੜਣ।ਅੱਜ ਦੀ ਮੀਟਿੰਗ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਹਰਮਿੰਦਰ ਸਿੰਘ ਗਿੱਲ, ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਸਤੀਸ਼ ਚੰਦਰਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਕਾਰਪੋਰੇਸ਼ਨ ਗੁਰਲਵਲੀਨ ਸਿੰਘ ਸਿੱਧੂ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਪੀ ਜਗਤਪ੍ਰੀਤ ਸਿੰਘ, ਡੀ.ਐਸ.ਪੀ ਅਮਨਦੀਪ ਕੌਰ, ਐਕਸੀਅਨ ਜਸਬੀਰ ਸਿੰਘ ਸੋਢੀ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਆਗੂ ਤੇ ਅਧਿਕਾਰੀ ਹਾਜ਼ਰ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply