ਇਰਾਕ ‘ਚ ਫਸੇ ਬੇਟੇ ਦੇ ਗਮ ‘ਚ ਗਵਾਈ ਅੱਖਾਂ ਦੀ ਰੌਸ਼ਨੀ

ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਇਰਾਕ ਦੀ ਖਾਨਾਜੰਗੀ ਦੌਰਾਨ ਬੰਧਕ ਬਣਾਏ ਗਏ ਆਪਣੇ ਨੌਜਵਾਨ ਬੇਟੇ ਦੇ ਗਮ ‘ਚ ਅੱਖਾਂ ਦੀ ਰੌਸ਼ਨੀ ਗਵਾ ਚੁੱਕੀ ਮਾਤਾ ਸੁਰਿੰਦਰ ਕੌਰ ਨੂੰ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ 60 ਹਜ਼ਾਰ ਰੁਪਏ ਆਰਥਿਕ ਮਦਦ ਪਹੁੰਚਾਈ ਗਈ। ਉਕਤ ਆਗੂਆਂ ਵੱਲੋਂ ਇਰਾਕ ਦੇ ਮੋਸੁਲ ਸ਼ਹਿਰ ਵਿੱਚ ਬਾਗੀਆਂ ਵੱਲੋਂ ਬੰਧਕ ਬਣਾ ਲਏ ਗਏ ੪੦ ਪੰਜਾਬੀ ਨੌਜਵਾਨ ਸ਼ਾਮਿਲ ਨਿਸ਼ਾਨ ਸਿੰਘ ਦੇ ਪਿੰਡ ਸੰਗੋਆਣਾ ਤਹਿਸੀਲ ਅਜਨਾਲਾ ਵਿਖੇ ਪਹੁੰਚ ਕੇ ਉਸਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ 50 ਹਜ਼ਾਰ ਰੁਪਏ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ 10 ਹਜ਼ਾਰ ਨਗਦ ਰਾਸ਼ੀ ਸੌਂਪੀ ਗਈ। ਇਸ ਮੌਕੇ ਨਿਸ਼ਾਨ ਸਿੰਘ ਦੇ ਪਿਤਾ ਗੁਰਮੇਜ ਸਿੰਘ, ਗੁਰਪਿੰਦਰ ਕੌਰ ਭੋਏਵਾਲ ਅਤੇ ਸੁਖਵਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਬੋਲਦਿਆਂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਸਾਰੇ ਮਾਮਲੇ ਬਾਰੇ ਬੜੀ ਸੰਜੀਦਗੀ ਨਾਲ ਦਿਲਚਸਪੀ ਲੈ ਕੇ ਨੌਜਵਾਨਾਂ ਦੀ ਜਲਦ ਰਿਹਾਈ ਅਤੇ ਵਤਨ ਵਾਪਸੀ ਲਈ ਯਤਨਸ਼ੀਲ ਹਨ। ਉਨ੍ਹਾਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਇਰਾਕ ਵਿੱਚ ਫਸੇ ਲੋਕਾਂ ਦੇ ਪਰਿਵਾਰਾਂ ਦੀ ਸਾਰ ਲੈਣ ਅਤੇ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਰਾਕ ਵਿੱਚ ਬੰਧਕ ਬਣਾਏ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਰੁਪਈਆ ਪ੍ਰਤੀ ਮਹੀਨਾ ਮਦਦ ਦੇਣ ਦੇ ਐਲਾਨ ਦਾ ਸਵਾਗਤ ਕੀਤਾ ਉੱਥੇ ਉਨ੍ਹਾਂ ਇਰਾਕ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀਆਂ ਨੂੰ ਛਡਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਆਰਥਿਕ ਮਦਦ ਦੇਣ ਲਈ ਵੀ ਸਰਕਾਰ ‘ਤੇ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਆਸ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਪੈਰਵੀ ਅਤੇ ਕੇਂਦਰ ਸਰਕਾਰ ਦੇ ਸਰਗਰਮੀ ਦੇ ਜਲਦੀ ਹੀ ਸਾਰਥਿਕ ਸਿੱਟੇ ਨਿਕਲਣਗੇ ਅਤੇ ਬੰਧਕ ਬਣਾਏ ਨੌਜਵਾਨ ਆਪਣੇ ਪਰਿਵਾਰਾਂ ਕੋਲ ਪੁੱਜ ਜਾਣਗੇ।
Punjab Post Daily Online Newspaper & Print Media