ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਗਊਧਨ ਨੂੰ ਅਵਾਰਾ ਛੱਡਣ ਵਾਲੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਿਥੇ ਗਊਸ਼ਾਲਾ
ਬਣਾਈ ਗਈ ਹੈ ਉਸ ਦੇ ਨਜਦੀਕ ਲਗਦੇ 4-5 ਪਿੰਡਾਂ ਦੇ ਸਰਪੰਚ ਤੇ ਪੰਚਾਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਗਊਸ਼ਾਲਾ ਵਿੱਚ ਰਹਿ ਰਹੇ ਪਸੂਆਂ ਦੀ ਵਧੀਆ ਢੰਗ ਨਾਲ ਦੇਖ-ਰੇਖ ਕੀਤੀ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਸਥਾਨਕ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਅਤੇ ਜਿਲਾ ਪਠਾਨਕੋਟ ਦੀਆਂ ਗਊਸ਼ਾਲਾਵਾਂ ਦੇ ਆਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਵੀ ਵਿਸ਼ੇਸ ਤੋਰ ਤੇ ਹਾਜ਼ਰ ਸਨ।ਇਸ ਤੋਂ ਇਲਾਵਾ ਸਰਵਸ੍ਰੀ ਡਾ. ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਪਠਾਨਕੋਟ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਨਿਲ ਵਾਸੂਦੇਵਾ ਮੇਅਰ ਪਠਾਨਕੋਟ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਚੇਅਰਮੈਨ ਵੱਲੋਂ ਡੇਹਰੀਵਾਲ ਵਿਖੇ ਸਥਿਤ ਗਊਸ਼ਾਲਾ ਦਾ ਦੌਰਾ ਵੀ ਕੀਤਾ ਗਿਆ ਤੇ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗਊਸ਼ਾਲਾ ਦਾ ਲਗਾਤਾਰ ਨਿਰੀਖਣ ਕਰਿਆ ਕਰਨ।
ਸਥਾਨਕ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਕੀਮਤੀ ਭਗਤ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਕਿ ਗਊ ਧਨ ਨੂੰ ਅਵਾਰਾ ਛੱਡਣ ਵਾਲੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਆਰੰਭੀ ਜਾਵੇ। ਉਨਾਂ ਕਿਹਾ ਕਿ ਅਜਿਹੇ ਲੋਕਾਂ ਵਲੋਂ ਛੱਡੇ ਗਏ ਗਊ ਧਨ ਕਰਕੇ ਜਿਥੇ ਦੁਰਘਟਨਾਵਾਂ ਵਾਪਰਦੀਆਂ ਹਨ, ਉਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ।ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਵਿੱਚ ਬੇਸਹਾਰਾ ਗਊ ਧਨ ਦੀ ਗਿਣਤੀ ਕਰੀਬ 1 ਲੱਖ 10 ਹਜ਼ਾਰ ਹੈ ਅਤੇ ਪਿਛਲੇ 3 ਸਾਲਾਂ ਵਿੱਚ ਸੜਕ ਦੁਰਘਟਨਾਵਾਂ ਦੌਰਾਨ ਕਰੀਬ 300 ਕੀਮਤੀ ਜਾਨਾਂ ਵੀ ਬੇਸਹਾਰਾ ਗਊਧਨ ਕਾਰਨ ਗਈਆਂ ਹਨ।ਉਨਾਂ ਕਿਹਾ ਕਿ ਬੇਸਹਾਰਾ ਗਊ ਧਨ ਦੀ ਸਾਂਭ-ਸੰਭਾਲ ਲਈ ਹੀ ਸੂਬੇ ਵਿੱਚ ਕੈਟਲ ਪਾਊਂਡ (ਗਊਸ਼ਾਲਾਵਾਂ) ਬਣਾਏ ਗਏ ਹਨ। ਉਨਾਂ ਕਿਹਾ ਕਿ ਹਰੇਕ ਕੈਟਲ ਪਾਊਂਡ ਵਿੱਚ 6 ਸ਼ੈਡ ਬਣਾਏ ਜਾਣਗੇ ਅਤੇ ਗਊਧਨ ਨੂੰ ਚਾਰੇ ਤੋਂ ਇਲਾਵਾ ਮੈਡੀਕਲ ਸਹੂਲਤਾਂ ਵੀ ਉਪਲਬੱਧ ਹੋਣਗੀਆਂ।ਉਨਾਂ ਕਿਹਾ ਕਿ ਪੰਜਾਬ ਸਰਕਾਰ ਗਊਧਨ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਗਊਧਨ ਦੀ ਰੱਖਿਆ ਲਈ ਯਤਨ ਕੀਤੇ ਜਾਣਗੇ।
ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਸਬੰਧਿਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਊਸ਼ਾਲਾ ਦਾ ਅਧੂਰਾ ਕੰਮ ਜਲਦੀ ਨੇਪਰੇ ਚਾੜਿਆ ਜਾਵੇ। ਉਨਾਂ ਕਿਹਾ ਕਿ ਗਊਸਾਲਾ ਵਿੱਚ ਬਣਾਈ ਜਾ ਰਹੀ ਸ਼ੈਡ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਅੱਗੇ ਹੋਰ ਬਣਾਈਆਂ ਜਾਣ ਵਾਲੀ ਸ਼ੈਡਾਂ ਦਾ ਕੰਮ ਸੁਰੂ ਕੀਤਾ ਜਾ ਸਕੇ। ਉਨਾਂ ਡੇਅਰੀਆਂ ਦੇ ਪ੍ਰਬੰਧਕਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਉਹ ਗਊ ਧਨ ਨੂੰ ਬਾਹਰ ਨਾ ਛੱਡਣ ਅਤੇ ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਵੱਧ ਤੋਂ ਵੱਧ ਗਊ ਸੰਸਥਾਵਾਂ ਅੱਗੇ ਆਉਣ, ਤਾਂ ਜੋ ਗਊ ਧਨ ਦੀ ਰੱਖਿਆ ਕੀਤੀ ਜਾ ਸਕੇ।ਉਨਾਂ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਗਊ ਧਨ ਦੇ ਇਲਾਜ ਲਈ ਸੁਚਾਰੂ ਪ੍ਰਬੰਧ ਕੀਤੇ ਜਾਣ।ਉਨਾਂ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਗਊਧਨ ਦੀ ਰੱਖਿਆ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਸਰਕਾਰ ਵੱਲੋਂ ਸਾਹੀਵਾਲ ਨਸਲ ਨੂੰ ਵਧਾਉਂਣ ਦੇ ਲਈ ਅਥੱਕ ਯਤਨ ਕੀਤੇ ਜਾ ਰਹੇ ਹਨ ਅਤੇ ਵਿਭਾਗ ਦੀ ਜਿਮੇਦਾਰੀ ਬਣਦੀ ਹੈ ਕਿ ਇਸ ਨਸਲ ਨੂੰ ਵਧਾਉਣ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਚੇਅਰਮੈਨ ਨੂੰ ਭਰੋਸਾ ਦਿੱਤਾ ਕਿ ਜਿਲਾ ਪ੍ਰਸ਼ਾਸਨ ਵਲੋਂ ਗਊਸ਼ਾਲਾ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਜੋ ਵੀ ਉਨਾਂ ਵਲੋਂ ਹਦਾਇਤਾਂ ਜਾਰੀ ਹੋੋਈਆਂ ਹਨ, ਉਨਾਂ ਦੀ ਪਾਲਣਾ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸਾਂਝੇ ਉਦਮ ਕਰਕੇ ਹੀ ਗਊ ਧਨ ਦੀ ਰੱਖਿਆ ਕੀਤੀ ਜਾ ਸਕਦੀ ਹੈ, ਇਸ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਗਊ ਰੱਖਿਆ ਲਈ ਅੱਗੇ ਆਉਣ ਵਾਲੀਆਂ ਅਜਿਹੀਆਂ ਸੰਸਥਾਵਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਗਊਸਾਲਾ ਦੇ ਲਈ ਆਪਣੀਆਂ ਵਧੀਆਂ ਸੇਵਾਵਾਂ ਦੇਣ ਵਾਲੇ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਕੁਲਦੀਪ ਮਹਾਜਨ ਪਸੂ ਪਾਲਣ ਵਿਭਾਗ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ, ਕੁਲਦੀਪ ਸਿੰਘ ਡੀ.ਐਸ.ਪੀ ਹੈਡਕੁਆਟਰ, ਅਨਿਲ ਰਾਮਪਾਲ, ਰਾਕੇਸ ਸਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media