Sunday, February 22, 2026

ਨਿਉ ਕਲਾਥ ਮਾਰਕਿਟ ‘ਚ ਤਿੰਨ ਮੰਜਿਲੀ ਦੁਕਾਨ ਵਿਚ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਦਾ ਮਾਲ ਸੁਆਹ

PPN040711
ਬਠਿੰਡਾ, 4  ਜੁਲਾਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਮਾਲ ਰੋਡ ‘ਤੇ ਸਥਿਤ ਨਿਉ ਕਲਾਥ ਮਾਰਕਿਟ ਵਿਚ ਉਸ ਸਮੇਂ ਬਹੁਤ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕਿ ਰਾਧੇਸ਼ਾਮ ਐਂਡ ਸੰਨਜ਼ ਕੰਪਨੀ ਦੀ ਤਿੰਨ ਮੰਜਿਲੀ ਦੁਕਾਨ ਵਿਚ ਸਵੇਰੇ ਸਤ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਕਰੋੜਾਂ ਰੁਪਏ ਦਾ ਕੱਪੜਾ ਜਲ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਿਕ ਰਾਧੇ ਸ਼ਾਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਸਤ ਵਜੇ ਸਫ਼ਾਈ ਕਰਨ ਆਏ ਲੋਕਾਂ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਧੂੰਆ ਨਿਕਲ ਰਿਹਾ ਹੈ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਲੇਕਿਨ ਕਿਸੇ ਨੇ ਫੋਨ ਨਹੀ ਉਠਾਇਆ।ਉਹ ਖੁਦ ਮੌਕੇ ‘ਤੇ ਫਾਇਰ ਬ੍ਰਿਗੇਡ ਦਫ਼ਤਰ ਗਏ ਲੇਕਿਨ ਗੱਡੀ ਦਾ ਡਰਾਇਵਰ ਨਹੀ ਸੀ ਅਤੇ 15  ਮਿੰਟ ਤੱਕ ਦੇਰੀ ਨਾਲ ਆਇਆ ਫਿਰ ਗੱਡੀ ਸਟਾਰਟ ਨਹੀ ਹੋਈ। ਕੱਪੜਾ ਮਾਰਕਿਟ ਦੇ ਲੋਕਾਂ ਨੇ ਧੱਕਾ ਮਾਰ ਕੇ ਗੱਡੀ ਨੂੰ ਸਟਾਰਟ ਕੀਤਾ । ਗੱਡੀ ਦੇ ਮੌਕੇ ਤੇ ਪਹੁੰਚਣ ਬਾਅਦ ਗੱਡੀ ਦਾ ਪ੍ਰੈਸ਼ਰ ਨਾ ਬਣਿਆ ਅਤੇ ਪਾਣੀ ਅੱਗ ਵਾਲੀ ਜਗ੍ਹਾ ਨਹੀ ਪਹੁੰਚ ਸਕਿਆ। ਫਿਰ ਇਸ ਮੌਕੇ ਐਨਐਫਐਲ ਦੀ ਗੱਡੀ ਨੇ ਆ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਸਮਾਜ ਸੇਵੀਆਂ ਵਲੋਂ ਅੱਗ ਬੁਝਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਵਲੋਂ ਜੋ ਗੱਡੀ ਛੋਟੀ ਸੀ ਅਤੇ ਉਥੇ ਉਸ ਦੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਸੀ ਉਸ ਤੋਂ ਬਾਅਦ  ਵੱਡੀ ਗੱਡੀ ਨੂੰ ਭੇਜਿਆ ਗਿਆ। ਬਠਿੰਡਾ ਨਗਰ ਨਿਗਮ ਤੋਂ ਬਾਅਦ ਗਿੱਦੜਬਾਹਾ ਅਤੇ ਫਰੀਦਕੋਟ ਤੋਂ ਵੀ ਅੱਗ ਬੁਝਾਉਣ ਦੀਆਂ ਗੱਡੀਆਂ ਨੂੰ ਮੰਗਾਇਆ ਗਿਆ। ਇਨ੍ਹਾਂ ਹੀ ਨਹੀ ਕੱਪੜਾ ਮਾਰਕਿਟ ਦੇ ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਫਾਇਰ ਬ੍ਰਿਗੇਡ ਬਠਿੰਡਾ ਦੀਆਂ ਗੱਡੀਆਂ ਦੀਆਂ ਅੱਗ ਬੁਝਾਉਣ ਵਾਲੀਆਂ ਪਾਇਪਾਂ ਵੀ ਥਾਂ ਥਾਂ ਤੋਂ ਲੀਕ ਹੋਣ ਕਾਰਨ ਆਪਣਾ ਕੰਮ ਠੀਕ ਢੰਗ ਨਾਲ ਨਹੀ ਕਰ ਰਹੀਆਂ ਸੀ। ਇਸ ਹਾਦਸੇ ਮੌਕੇ ਜਿਲ੍ਹਾ ਪ੍ਰਸ਼ਾਸਨ ਦੇ ਉਚਿਤ ਅਧਿਕਾਰੀ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ, ਸਹਾਇਕ ਨਗਰ ਨਿਗਮ ਕਮਲ ਕਾਂਤ, ਡੀ ਐਸ ਪੀ ਸਿਟੀ ਗੁਰਜੀਤ ਸਿੰਘ ਰੋਮਾਣਾ, ਕੋਤਵਾਲੀ ਇੰਚਾਰਜ ਆਪਣੀ ਟੀਮ ਸਮੇਤ ਵੀ ਹਾਜ਼ਰ ਸਨ। ਅੱਗ ਲੱਗਣ ਦਾ ਅਸਲੀ ਕਾਰਨ ਪਤਾ ਨਹੀ ਲੱਗ ਸਕਿਆ ਕਿ ਇਹ ਬਿਜਲੀ ਦੇ ਕਾਰਨ ਜਾਂ ਕੋਈ ਹੋਰ ਕਾਰਨ ਹੈ ਇਸ ਬਾਰੇ ਪ੍ਰਸ਼ਾਸ਼ਨ ਜਾਂਚ ਕਰ ਰਿਹਾ ਹੈ। ਦੁਕਾਨਦਾਰ ਦੇ ਮੁਤਾਬਕ ਦੁਕਾਨ ਦਾ ਬੀਮਾ ਹੋਇਆ ਸੀ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply