ਘੰਟਿਆਂਬੱਧੀ ਸੜਕਾਂ `ਤੇ ਖੜੇ ਪਾਣੀ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨਾਲ ਸ਼ਹਿਰ ਦਾ ਜਨਜੀਵਨ ਅਸਤ ਵਿਅੱਸਤ ਹੋ
ਗਿਆ।ਤੜਕੇ ਸਵੇਰੇ ਤੋਂ ਸ਼ੁਰੂ ਹੋਈ ਇਸ ਬਰਸਾਤ ਨਾਲ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ ਅਤੇ ਲੋਕ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਸ਼ਹਿਰ ਦਾ ਸੀਵਰੇਜ਼ ਸਿਸਟਮ ਫੇਲ ਹੋ ਜਾਣ ਕਰ ਕੇ ਮੀਂਹ ਦਾ ਇਹ ਪਾਣੀ ਘੰਟਿਆਂਬੱਧੀ ਸੜਕਾਂ `ਤੇ ਖੜਾ ਰਿਹਾ, ਜਿਸ ਨਾਲ ਆਪਣੇ ਕੰਮਕਾਰ ਅਤੇ ਦਫਤਰਾਂ ਨੂੰ ਜਾਣ ਵਾਲੇ ਪੁਰਸ਼ਾਂ ਅਤੇ ਔਰਤਾਂ ਨੂੰ ਪ੍ਰੇਸ਼ਾਨ ਹੋਣਾ ਪਿਆ, ਜਦ ਉਨਾਂ ਦੇ ਮੋਟਰਸਾਈਕਲ, ਸਕੂਟੀਆਂ ਅਤੇ ਕਾਰਾਂ ਆਦਿ ਦੇ ਇੰਜਨ ਬੰਦ ਹੋ ਜਾਣ ਕਰ ਕੇ ਵਾਹਣ ਪਾਣੀ ਵਿੱਚ ਹੀ ਖੜੇ ਹੁੰਦੇ ਰਹੇ।
ਸ਼ਹਿਰ ਦੇ ਇਲਾਕੇ ਘਿਓ ਮੰਡੀ, ਰਾਮ ਬਾਗ, ਬੱਸ ਸਟੈਂਡ, ਚੌਕ ਮਹਾ ਸਿੰਘ, ਹੁਸੈਨਪੁਰਾ, ਲਾਰੈਂਸ ਰੋਡ, ਮਾਲ ਰੋਡ, ਐਲਬਰਟ ਰੋਡ, ਮਕਬੂਲ ਰੋਡ, ਮਦਨ ਮੋਹਨ ਮਾਲਵੀਆ ਰੋਡ, ਪੁਤਲੀਘਰ, ਮੋਹਨ ਨਗਰ, ਅੰਤਰਯਾਮੀ ਕਲੌਨੀ, ਤਰਨ ਤਾਰਨ ਰੋਡ, ਕੋਟ ਮਿੱਤ ਸਿੰਘ, ਸੁਲਤਾਨਵਿੰਡ ਪਿੰਡ, ਈਸਟ ਮੋਹਨ ਨਗਰ, ਚੌਕ ਅਜੀਤ ਨਗਰ ਆਦਿ ਵਿਖੇ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਦਾਖਲ਼ ਹੋ ਗਿਆ। ਪਿੰਡ ਸੁਲਤਾਨਵਿੰਡ ਦੀ ਹਾਲਤ ਬੇਹੱਦ ਬਦਤਰ ਹੋ ਗਈ, ਜਿਥੇ ਲੰਮੇ ਸਮੇਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਕਰਕੇ ਪੁੱਟੀਆਂ ਹੋਈਆਂ ਸੜਕਾਂ ਮੀਂਹ ਪੈਣ ਨਾਲ ਚਿੱਕੜ ਨਾਲ ਭਰ ਗਈਆਂ ਅਤੇ ਲੋਕਾਂ ਨੂੰ ਉਥੋਂ ਲੰਘਣ `ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਮੀਂਹ ਦੇ ਪਾਣੀ ਦੀ ਲਪੇਟ ਵਿੱਚ ਆਏ ਇਲਾਕਿਆਂ ਦੇ ਵਾਸੀ ਬਾਰਿਸ਼ ਦਾ ਪਾਣੀ ਬਾਲਟੀਆਂ ਤੇ ਡੱਬਿਆਂ ਨਾਲ ਆਪਣੇ ਘਰਾਂ ਵਿਚੋਂ ਬਾਹਰ ਝਰੱਟਦੇ ਰਹੇ।
ਉਧਰ ਬੇਸ਼ਕ ਇਸ ਮੂਸਲਾਧਾਰ ਮੀਂਹ ਨਾਲ ਪਾਰਾ ਡਿੱਗ ਜਾਣ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।ਪਰ ਵੱਡੇ ਦਮਗਜ਼ੇ ਮਾਰਦੀ ਨਗਰ ਨਿਗਮ ਇਸ ਮੀਂਹ ਦੇ ਪਾਣੀ ਨਾਲ ਪਾਣੀ-ਪਾਣੀ ਹੁੰਦੀ ਨਜਰ ਆਈ, ਜਦ ਲੋਕ ਨੀਵੇਂ ਥਾਵਾਂ ਤੋਂ ਲੰਘਦੇ ਹੋਏ ਨਿਗਮ ਅਧਿਕਾਰੀਆਂ ਨੂੰ ਕੋਸਦੇ ਦੇਖੇ ਗਏ।ਇਸੇ ਦੌਰਾਨ ਸੁਲਤਾਨਵਿੰਡ ਰੋਡ ਸਥਿਤ ਮੋਹਨ ਨਗਰ ਨਿਵਾਸੀਆਂ ਨੇ ਦੋਸ਼ ਲਾਇਆ ਕਿ ਗੈਸ ਪਾਈਪ ਵਿਛਾ ਰਹੀ ਕੰਪਨੀ ਨੇ ਸੀਵਰੇਜ ਦੀ ਹੌਦੀ ਤੇ ਪਾਈਪ ਤੋੜ ਦਿੱਤੀ ਹੈ, ਜਿਸ ਨਾਲ ਅੱਜ ਮੀਂਹ ਦੇ ਪਾਣੀ ਨਿਕਾਸੀ ਰੁੱਕ ਗਈ ਅਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ਼ ਹੋ ਗਿਆ। ਲਗਾਤਰ ਦੋ ਦਿਨ ਬਾਰਿਸ਼ ਸ਼ੁਰੂ ਹੋਣ ਨਾਲ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਸਹੀ ਸਮੇਂ `ਤੇ ਆਉਣ ਵਾਲੀ ਮਾਨਸੂਨ ਕਿਸਾਨਾਂ ਲਈ ਲਾਹੇਵੰਦ ਰਹੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media