ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ’ਚ ਵਸਤੂ ਤੇ ਸੇਵਾ ਕਰ (ਜੀ. ਐਸ. ਟੀ) ਨੂੰ ਲਾਗੂ ਕਰਨ ਦੇ ਫੈਸਲੇ ਨੂੰ ਇਤਿਹਾਸਕ ਦੱਸਦਿਆਂ ਪੰਜਾਬ
ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਨਵੀਂ ਕਰ ਪ੍ਰਣਾਲੀ ਨੂੰ ‘ਟੈਕਸ ਦਾ ਖੌਫ’ ਖਤਮ ਕਰਨ ਵਾਲਾ ਕਦਮ ਦੱਸਿਆ ਹੈ।ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਇਹ ਸਭ ਤੋਂ ਪ੍ਰਭਾਵਸ਼ਾਲੀ ਕਰ ਸੁਧਾਰ ਹੈ, ਜਿਸ ਨਾਲ ਇਹ ਦੇਸ਼ ਇਕ ਵਪਾਰਕ ਮੰਡੀ ਵਜੋਂ ਉਭਰ ਕੇ ਸਾਹਮਣੇ ਆਵੇਗਾ।
ਛੀਨਾ ਨੇ ਜਾਰੀ ਬਿਆਨ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਉਠਾਏ ਗਏ ਇਸ ਕਦਮ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਕ ਕਰ ਸੁਧਾਰ ਕਰਨ ’ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਇਸ ਕਰ ਦੇ ਲਾਗੂ ਹੋਣ ਨਾਲ ਭਾਰਤ ਜਿਥੇ ਦੁਨੀਆ ਦੇ ਪ੍ਰਮੁੱਖ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ’ਚ ਸ਼ਾਮਿਲ ਹੋ ਗਿਆ ਹੈ, ਉਥੇ ਇੰਸਪੈਕਟਰੀ ਰਾਜ ਤੋਂ ਆਮ ਜਨਤਾ, ਬਿਜ਼ਨੈਸਮੈਨ ਤੇ ਕਾਰੋਬਾਰੀਆਂ ਨੂੰ ਨਿਜ਼ਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਥਾਂ-ਥਾਂ ’ਤੇ ਕਿਸੇ ਵੀ ਵਸਤੂ, ਖਣਿਜ਼ ਪਦਾਰਥਾਂ ਆਦਿ ’ਤੇ ਟੈਕਸ ਦੇਣਾ ਪੈਂਦਾ ਸੀ, ਪਰ ਜੀ.ਐਸ.ਟੀ ਨਾਲ ਲੋਕ ਖੱਜਲ ਖੁਆਰੀ ਤੋਂ ਬਚਣਗੇ ਤੇ ਰੋਜ਼ਮਰ੍ਹਾ ਦੀਆਂ ਵਸਤਾਂ ’ਚ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਲਗਾਏ ਜਾਂਦੇ ਵੈਟ, ਸਰਵਿਸ, ਐਕਸਾਈਜ਼, ਚੁੰਗੀ, ਸੇਲਜ਼, ਐਂਟਰੀ, ਸਟੈਂਪ ਡਿਊਟੀ, ਟੈਲੀਕਾਮ ਲਾਇਸੈਂਸ ਫ਼ੀਸ, ਬਿਜਲੀ ’ਤੇ ਲੱਗਣ ਵਾਲੇ ਆਦਿ ਸਮੂਹ ਟੈਕਸਾਂ ਤੋਂ ਜੀ.ਐਸ.ਟੀ ਦੇ ਲਾਗੂ ਹੋਣ ਨਾਲ ਛੁਟਕਾਰਾ ਮਿਲੇਗਾ।
ਕੇਂਦਰੀ ਵਿੱਤ ਮੰਤਰੀ ਅਤੁਲ ਜੇਤਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਦੀ ਆਰਥਿਕ ਦਸ਼ਾ ਅਤੇ ਅਰਥ ਵਿਵਸਥਾ ਨੂੰ ਦਰੁਸਤ ਕਰਨ ਲਈ ਕਈ ਮਹੱਤਵਪੂਰਨ ਫ਼ੈਸਲਿਆਂ ਨਾਲ ਆਮ ਲੋਕਾਂ ਦੀ ਸਹੂਲਤ ਲਈ ਕਈ ਸ਼ਾਨਦਾਰ ਪ੍ਰੋਜੈਕਟ ਦੇ ਤੋਹਫ਼ੇ ਪ੍ਰਦਾਨ ਕੀਤੇ ਹਨ।ਛੀਨਾ ਨੇ ਕਿਹਾ ਕਿ ਜੀ.ਐਸ.ਟੀ ਨਾਲ ਪੂਰੇ ਭਾਰਤ ’ਚ ਹਰੇਕ ਵਸਤੂ ਲਈ ਇਕ ਸਮਾਨ ਟੈਕਸ ਹੋਵੇ ਤੇ ਇਸ ਨਾਲ ਲੋਕਾਂ ਨੂੰ ਚੀਜ਼ਾਂ ਕਾਫ਼ੀ ਸਸਤੀਆਂ ਮਿਲਣਗੀਆਂ ਅਤੇ ਦੁਕਾਨਦਾਰਾਂ ਵੱਲੋਂ ਆਪਣੀ ਮਨਮਾਨੀ ਨਾਲ ਵਸੂਲ ਕੀਤੀ ਕੀਮਤ ’ਤੇ ਠੱਲ੍ਹ ਪਵੇਗੀ।ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਨੂੰ ਇਸ ਪ੍ਰਣਾਲੀ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਜੀ. ਐਸ. ਟੀ. ਨਾਲ ਕਾਰਾਂ, ਐਲ.ਈ.ਡੀ, ਮਨੋਰੰਜਨ ਟੈਕਸ, ਘਰ ਦੇ ਨਿਰਮਾਣ ਲਈ ਸੀਮੈਂਟ, ਖੰਡ, ਚਾਹਪਤੀ, ਕੌਫ਼ੀ, ਮਸਾਲੇ ਤੇ ਤੇਲ ਤਰਲ ਵਸਤੂਆਂ, ਸਾਬਣ ਵਰਗੀਆਂ ਘਰੇਲੂ ਵਸਤੂਆਂ ਸੱਸਤੀਆਂ ਹੋਣਗੀਆਂ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media