ਅੰਮ੍ਰਿਤਸਰ,2 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਅਮਰੀਕ ਸਿੰਘ ਪਵਾਰ ਨੇ
ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨਰੇਟ ਅੰਮਿ੍ਰਤਸਰ ਦੀ ਹਦੂਦ ਅੰਦਰ ਆਉਂਦੇ ਇਲਾਕੇ ਵਿਚ ਪੈਂਦੇ ਸ਼ਰਾਬ ਦੇ ਠੇਕਿਆਂ ਦੇ ਬਾਹਰ 50 ਮੀਟਰ ਦੇ ਘੇਰੇ ਨੂੰ ਕਵਰ ਕਰਦੇ ਸੀ.ਸੀ.ਟੀ ਵੀ ਕੈਮਰੇ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਠੇਕਿਆਂ ਦੇ ਬਾਹਰ ਕੈਮਰੇ ਜਾਰੀ ਹੁਕਮਾਂ ਦੀ ਮਿਤੀ ਤੋਂ 45 ਦਿਨਾਂ ਦੇ ਅੰਦਰ-ਅੰਦਰ ਲਾਉਣ ਲਾਜ਼ਮੀ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੀ.ਸੀ.ਟੀ ਵੀ ਕੈਮਰਿਆਂ ਵਿਚ ਘੱਟੋ-ਘੱਟ ਪਿਛਲੇ 10 ਦਿਨਾਂ ਦੀ ਰਿਕਾਰਡਿੰਗ ਦਾ ਡਿਜੀਟਲ ਰਿਕਾਰਡ ਹੋਣਾ ਜ਼ਰੂਰੀ ਹੈ।ਇਸ ਤੋਂ ਇਲਾਵਾ ਠੇਕਿਆਂ ਦੇ ਮਾਲਕ ਜਾਂ ਉਨਾਂ ਦੇ ਮੁਲਾਜ਼ਮ ਰੋਜ਼ਾਨਾ ਰਿਕਾਰਡਿੰਗ ਦੀ ਇਕ ਸੀ. ਡੀ ਤਿਆਰ ਕਰਕੇ ਆਪਣੇ ਖੇਤਰ ਦੇ ਬੀਟ ਕਾਂਸਟੇਬਲ ਨੂੰ ਸੌਂਪਣਗੇ ਅਤੇ ਇਸ ਸਬੰਧੀ ਪੂਰਾ ਰਿਕਾਰਡ ਇਕ ਰਜਿਸਟਰ ਵਿਚ ਦਰਜ ਕਰਨਗੇ, ਜੋ ਕਿ ਠੇਕੇ ’ਤੇ ਹਰ ਵੇਲੇ ਮੌਜੂਦ ਰਹੇਗਾ। ਇਸ ਤੋਂ ਇਲਾਵਾ ਉਹ ਠੇਕਾ ਖੁੱਲਣ ਵੇਲੇ ਇਹ ਯਕੀਨੀ ਬਣਾਉਣਗੇ ਕਿ ਕੈਮਰਾ ਠੀਕ ਹਾਲਤ ਵਿਚ ਚੱਲ ਰਿਹਾ ਹੈ ਜਾਂ ਨਹੀਂ ਅਤੇ ਜੇਕਰ ਕੋਈ ਨੁਕਸ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਇਸ ਸਬੰਧੀ ਲੋੜੀਂਦੀ ਸੂਚਨਾ ਸਬੰਧਤ ਥਾਣੇ ਨੂੰ ਵੀ ਦਿੱਤੇ ਜਾਣ ਲਈ ਕਿਹਾ ਗਿਆ ਹੈ। ਇਹ ਹੁਕਮ 28 ਜੁਲਾਈ 2017 ਤੱਕ ਲਾਗੂ ਰਹੇਗਾ।
Punjab Post Daily Online Newspaper & Print Media