ਜੀ.ਕੇ. ਨੇ ਖਜਾਨਾ ਮੰਤਰੀ ਅਰੁਣ ਜੇਟਲੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 3 ਜੁਲਾਈ (ਪੰਜਾਬ ਪੋਸਟ ਬਿਉਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ’ਚ 1 ਜੁਲਾਈ ਤੋਂ ਲਾਗੂ ਹੋਏ ਨਵੇਂ ਟੈਕਸ ਨਿਜ਼ਾਮ ਜੀ.ਐਸ.ਟੀ ਤੋਂ ਲੰਗਰ ਦੀ ਰਸਦ ਨੂੰ ਵਿਸ਼ੇਸ਼
ਟੈਕਸ ਛੋਟ ਦੇਣ ਦੀ ਵਕਾਲਤ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਬਾਬਤ ਦੇਸ਼ ਦੇ ਖਜਾਨਾ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਤੋਂ ਬਾਅਦ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਖਜਾਨਾ ਮੰਤਰੀ ਨੂੰ ਭੇਜੇ ਗਏ ਪੱਤਰ ਦਾ ਵੀ ਜਿਕਰ ਕੀਤਾ, ਜਿਸ ਵਿੱਚ ਬੀਬਾ ਬਾਦਲ ਨੇ ਜੀ.ਐਸ.ਟੀ ਕਰਕੇ ਸ਼੍ਰੋਮਣੀ ਕਮੇਟੀ ’ਤੇ ਸਲਾਨਾ 10 ਕਰੋੜ ਰੁਪਏ ਦਾ ਵਾਧੂ ਭਾਰ ਪੈਣ ਦੀ ਸੰਭਾਵਨਾ ਜਤਾਈ ਸੀ।
ਜੀ.ਕੇ ਨੇ ਖਦਸਾ ਜਤਾਇਆ ਕਿ ਲੰਗਰ ਦੀ ਰਸ਼ਦ ’ਤੇ 5 ਤੋਂ 18 ਫੀਸਦੀ ਤਕ ਲਗਾਈ ਗਈ ਟੈਕਸ ਦੀ ਦਰ ਗੁਰੂ ਦੀ ਗੋਲਕ ਦੇ ਖਜਾਨੇ ’ਤੇ ਵਾਧੂ ਭਾਰ ਪਾਵੇਗੀ, ਜਿਸ ਕਰਕੇ ਜਿਆਦਾ ਤੋਂ ਜਿਆਦਾ ਲੋੜਵੰਦ ਲੋਕਾਂ ਨੂੰ ਲੰਗਰ ਛਕਾਉਣ ’ਚ ਕਮੇਟੀ ਨੂੰ ਮੁਸ਼ਕਿਲ ਪੇਸ਼ ਆ ਸਕਦੀ ਹੈ। ਜੀ.ਕੇ ਨੇ ਕਿਹਾ ਕਿ ਦਿੱਲੀ ਦੇ ਗੁਰੂਧਾਮਾਂ ’ਚ ਜਿਥੇ ਹਜ਼ਾਰਾਂ ਸੰਗਤਾਂ ਰੋਜ਼ਾਨਾ ਲੰਗਰ ਛੱਕਦੀਆਂ ਹਨ ਉਥੇ ਹੀ ਸੈਂਕੜੇ ਪ੍ਰਦਰਸ਼ਨਕਾਰੀਆਂ ਲਈ ਕਮੇਟੀ ਵੱਲੋਂ ਰੋਜ਼ਾਨਾ ਜੰਤਰ-ਮੰਤਰ ’ਤੇ ਵੀ ਲੰਗਰ ਭੇਜਿਆ ਜਾਂਦਾ ਹੈ।
ਬੀਤੇ ਦਿਨੀਂ ‘‘ਵਨ ਰੈਂਕ-ਵਨ ਪੈਨਸ਼ਨ’’ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀਆਂ ਵੱਲੋਂ ਕਈ ਦਿਨਾਂ ਤਕ ਜੰਤਰ-ਮੰਤਰ ’ਤੇ ਦਿੱਤੇ ਗਏ ਧਰਨੇ ਦਾ ਚੇਤਾ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਜਿਥੇ ਸਰਕਾਰਾਂ ਪਿੱਛੇ ਹੱਟ ਜਾਂਦੀਆਂ ਹਨ, ਸਰਦਾਰ ਉਥੇ ਵੀ ਮਨੁੱਖਤਾ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦੇ। ਉਨਾਂ ਕਿਹਾ ਕਿ ਲੰਗਰ ਦੀ ਰਸ਼ਦ ਨੂੰ ਟੈਕਸ ਛੋਟ ਦੇ ਕੇ ਸਰਕਾਰ ਆਮ ਲੋਕਾਂ ਦਾ ਭਲਾ ਕਰ ਸਕਦੀ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਈ ਹੋਰ ਗੁਰੂਧਾਮਾਂ ਦੇ ਲੰਗਰਾਂ ਲਈ ਪੰਜਾਬ ਸਰਕਾਰ ਵੱਲੋਂ ਵੈਟ ਤੋਂ ਮਿਲੀ ਛੋਟ ਦਾ ਵੀ ਜੀ.ਕੇ ਨੇ ਹਵਾਲਾ ਦਿੱਤਾ। ਉਨਾਂ ਦੱਸਿਆ ਕਿ ਜੀ.ਐਸ.ਟੀ ’ਚ ਅੱਧਾ ਟੈਕਸ ਕੇਂਦਰ ਸਰਕਾਰ ਦਾ ਅਤੇ ਅੱਧਾ ਸੂਬਾ ਸਰਕਾਰ ਦਾ ਹੈ। ਇਸ ਲਈ ਉਹ ਛੇਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਲੰਗਰ ਦੀ ਰਸਦ ਨੂੰ ਟੈਕਸ ਤੋਂ ਛੋਟ ਦੇਣ ਦੀ ਮੰਗ ਕਰਨਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media