ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਮਿਤ ਪ੍ਰਚਾਰ ਸਭਾ ਵੱਲੋਂ ਬੀਬੀਆਂ ਦੀ ਸੁਖਮਨੀ ਸਾਹਿਬ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਗੁਰਦੁਆਰਾ ਸਿਵਲ ਸਟੇਸ਼ਨ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਹਿਲਾਂ ਬੀਬੀਆਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਬਹੁਤ ਹੀ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਕੀਤਾ।ਉਪਰੰਤ ਡਾ: ਹਰਦੀਪ ਸਿੰਘ ਖਿਆਲੀ ਵਾਲੇ ਨੇ ‘ਅਕਾਲ ਤਖ਼ਤ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਰੋਲ ਅਤੇ ਮਹੱਤਵ’ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਕਿਹਾ ਸਿੱਖ ਇਤਿਹਾਸ ਵਿੱਚ ਜਿਕਰ ਆਉਂਦਾ ਹੈ ਕਿ ਨਿੱਜੀ ਤੌਰ ‘ਤੇ ਇੱਕ ਬੱਜਰ ਗਲਤੀ ਕੀਤੇ ਜਾਣ ਕਰਕੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਜੀ ‘ਤੇ ਤਲਬ ਕਰਕੇ ਕੋਰੜੇ ਮਾਰਨ ਦੀ ਸਜ਼ਾ ਸੁਣਾਏ ਜਾਣ ‘ਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰਕੇ ਖੜ੍ਹ ਗਿਆ ਸੀ।
ਉਨ੍ਹਾਂ ਵਰਤਮਾਨ ਅਤੇ ਭੂੁਤਕਾਲ ਬਾਰੇ ਵੀ ਚਾਨਣਾ ਪਾਇਆ ਕਿ ਕਿਵੇਂ ਅੱਜ ਦੇ ਜਥੇਦਾਰਾਂ ਅਤੇ ਪੁਰਾਣੇ ਸਮੇਂ ਦੇ ਜਥੇਦਾਰਾਂ ਦਾ ਸਤਿਕਾਰ ਕੀਤਾ ਜਾਂਦਾ ਸੀ।ਇਹ ਵੀ ਜਿਕਰ ਹੈ ਕਿ ਘੋੜੇ ‘ਤੇ ਚੜ੍ਹੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਅੱਗੋਂ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਮਿਲ ਜਾਂਦਾ ਸੀ ਤਾਂ ਉਹ ਉਤਰ ਕੇ ਸਤਿਕਾਰ ਨਾਲ ਫ਼ਤਹਿ ਬੁਲਾਉਂਦਾ ਸੀ, ਪਰ ਅੱਜ ਜੇ ਅਕਾਲ ਤਖ਼ਤ ਦਾ ਜਥੇਦਾਰ ਵੀ ਸਤਾਧਾਰੀਆਂ ਦੇ ਗਲਤ ਹੁਕਮ ਮੰਨਣ ਤੋਂ ਆਨਾ ਕਾਨੀ ਕਰਨ ਦੀ ਦਲੇਰੀ ਵਿਖਾ ਬੈਠੇ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ 1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ‘ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ।ਇਸ ਮੌਕੇ ਕਿਰਪਾਲ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਅਤੇ ਈਸਵੀਂ ਕੈਲੰਡਰ ਬਾਰੇ ਪੂਰਨ ਤੌਰ ’ਤੇ ਜਾਣਕਾਰੀ ਦਿੱਤੀ, ਜਿਸ ਕਾਰਨ ਹੁਣ ਸਾਡੇ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਵਾਪਰੀਆਂ ਘਟਨਾਵਾਂ ਦੀਆਂ ਤਾਰੀਖਾਂ ਮੇਲ ਨਹੀ ਖਾ ਰਹੀਆਂ ਅਤੇ ਸੰਗਤ ਦੋਚਿੱਤੀ ’ਚ ਪੈ ਜਾਂਦੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media