ਬਠਿੰਡਾ, 8 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਨੀਤੀ ਜੀ.ਐਸ.ਟੀ ਦਾ ਜਿਥੇ
ਵਪਾਰੀਆਂ, ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਵਿਭਾਗਾਂ ਵਿਚ ਠੇਕੇ ਤੇ ਕੰਮ ਕਰਦੇ ਕਰਮਚਾਰੀ ਇਸ ਮਾਰ ਵਿਚ ਆਉਣ ਕਾਰਨ ਚਿੰਤਾ ਵਿਚ ਡੁੱਬ ਗਏ ਹਨ।ਇਸ ਤਹਿਤ ਬਠਿੰਡਾ ਕੈਂਟ ਦੇ ਠੇਕੇਦਾਰਾਂ ਵੱਲੋਂ ਜੀ.ਐਸ.ਟੀ.ਦੇ ਨਾਂਅ ਤੇ ਠੇਕਾ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵੱਡੀ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਦੇ ਵਿਰੋਧ ਵਿਚ ਐਮ.ਈ.ਐਸ ਕੰਟਰੈਕਟਰ ਮਜ਼ਦੂਰ ਯੂਨੀਅਨ ਸੀਟੂ ਦੇ ਬੈਨਰ ਹੇਠ ਠੇਕਾ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸੰਬਧੀ ਚਿਲਡਰਨ ਪਾਰਕ ਵਿਖੇ ਪ੍ਰਧਾਨ ਰਾਮ ਸਿੰਘ ਅਤੇ ਜਨਰਲ ਸੈਕਟਰੀ ਕਮਲਦੀਪ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕਰਕੇ ਇਸ ਨੀਤੀ ਦੀ ਸ਼ਖਤ ਸਬਦਾਂ ਵਿਚ ਨਿਖੇਧੀ ਕੀਤੀ ਗਈ।ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਕਰਮਚਾਰੀਆਂ ਤੋਂ ਇਲਾਵਾ ਸੀਟੂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਨੇ ਹਿੱਸਾ ਲਿਆ।
ਇਸ ਮੌਕੇ ਰਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਛਲੇ ੨੦-੨੨ ਸਾਲਾਂ ਤੋਂ ਬਠਿੰਡਾ ਛਾਉਣੀ ਵਿਖੇ ਐਮ.ਈ.ਐਸ ਵਿਚ ਵੱਖ ਵੱਖ ਆਸਾਮੀਆਂ ‘ਤੇ ਕੰਮ ਕਰਦੇ ਆ ਰਹੇ ਹਨ ਜਿਨਾਂ ਨੂੰ ਮਹਿਕਮੇ ਨੇ ਹਾਲੇ ਤੱਕ ਪੱਕੇ ਕਰਨ ਦੀ ਕੋਈ ਨੀਤੀ ਨਹੀਂ ਬਣਾਈ ਸਗੋਂ ਉਨਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਤਨਖਾਹਾਂ ਤੇ ਜੀ.ਐਸ.ਟੀ.ਦੇ ਨਾਂਅ ਤੇ ਵੱਡੀ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂ ਇਕਬਾਲ ਸਿੰਘ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਜੀ.ਐਸ.ਟੀ. ਦੇ ਨਾਂਅ ਤੇ ਇਕ ਵਰਕਰ ਪਿੱਛੇ ਇਕ ਹਜਾਰ ਰੁਪਏ ਕਟੌਤੀ ਕਰਨ ਦਾ ਹੁਕਮ ਫੁਰਮਾ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ ਕਿਉਂ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਜੀ.ਐਸ.ਟੀ ਲਾਗੂ ਨਹੀਂ ਹੁੰਦਾ।ਉਨਾਂ ਐਮ.ਈ.ਐਸ. ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨਾਂ ਦੀਆਂ ਤਨਖਾਹਾਂ ਦੇ ਮਸਲੇ ਤੇ ਜਲਦੀ ਹੱਲ ਕੀਤਾ ਜਾਵੇ ਅਤੇ ਜੇਕਰ ਐਮ.ਈ.ਐਸ.ਅਧਿਕਾਰੀਆਂ ਤੇ ਠੇਕੇਦਾਰਾਂ ਨੇ ਮਿਲ ਕੇ ਜੀ.ਐਸ.ਟੀ ਦੇ ਨਾਂਅ ਤੇ ਕਰਮਚਾਰੀਆਂ ਦੀਆਂ ਤਨਖਾਹਾਂ ਘੱਟ ਕੀਤੀਆਂ ਤਾਂ ਉਹ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢ ਦੇਣਗੇ ਜਿਸ ਦੀ ਸਾਰੀ ਜਿੰਮੇਵਾਰੀ ਐਮ.ਈ.ਐਸ ਵਿਭਾਗ ਅਤੇ ਠੇਕੇਦਾਰਾਂ ਦੀ ਹੋਵੇਗੀ।ਇਸ ਮੌਕੇ ਕਿਰਨਪਾਲ ਸਿੰਘ,ਹਰਕੀਰਤ ਸਿੰਘ, ਲਖਵਿੰਦਰ ਸਿੰਘ ਬੱਬੂ, ਚਰਨਜੀਤ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਅਤੇ ਮੁਹੱਬਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media