ਨਵੀ ਦਿੱਲੀ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਵੱਲੋ ਜੀ.ਐਸ.ਟੀ ਨੰਬਰ ਲੈਣ
ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਗੁਰਦੁਆਰਾ ਸਾਹਿਬਾਨ `ਤੇ ਜੀ.ਐਸ.ਟੀ ਲਗਾਇਆ ਜਾਣਾ ਕਿਸੇ ਵੀ ਤਰਾ ਉਚਿਤ ਨਹੀ ਹੈ ਅਤੇ ਕੇਂਦਰ ਸਰਕਾਰ ਦਾਨ ਦੇ ਨਾਲ ਚੱਲਣ ਵਾਲੀ ਸੰਸਥਾ ਨੂੰ ਟੈਕਸ ਦੇ ਘੇਰੇ ਵਿੱਚ ਨਹੀ ਲਿਆ ਸਕਦੀ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੇ ਹੋਰ ਸਿੱਖ ਗੁਰਧਾਮ ਕੋਈ ਲਾਭ ਵਾਲੇ ਅਦਾਰੇ ਨਹੀ, ਸਗੋ ਦਾਨ ਦੇ ਸਹਾਰੇ ਚੱਲਣ ਵਾਲੀਆਂ ਧਾਰਮਿਕ ਸੰਸਥਾਵਾਂ ਹਨ, ਜਿਥੇ ਦਾਨ ਸਿਰਫ ਲੋਕ ਭਲਾਈ ਦੇ ਕੰਮਾਂ `ਤੇ ਹੀ ਖਰਚ ਕੀਤਾ ਜਾਂਦਾ ਹੈ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਜੀ.ਐਸ.ਟੀ ਦਾ ਨੰਬਰ ਲੈਣਾ ‘ਆ ਬੈਲ ਮੁਝੇ ਮਾਰ’ ਵਾਲੀ ਕਹਾਵਤ ਦੀ ਤਰਾਂ ਹੋਵੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਬਾਣੀਆ ਨਹੀ ਬਣਨਾ ਚਾਹੀਦਾ, ਸਗੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ `ਤੇ ਚੱਲਦਿਆਂ ਗੁਰੂ ਘਰ ਦੇ ਸੇਵਕ ਬਣ ਕੇ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਕਿਉਕਿ ਜੀ.ਐਸ.ਟੀ ਸਿਰਫ ਵਪਾਰਿਕ ਅਦਾਰਿਆਂ `ਤੇ ਹੀ ਲਗਾਇਆ ਜਾ ਸਕਦਾ ਹੈ, ਦਾਨ ਦੇ ਸਹਾਰੇ ਚੱਲਣ ਵਾਲੀਆ ਸੰਸਥਾਵਾਂ ਨੂੰ ਇਸ ਤੋ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀ.ਐਸ.ਟੀ ਨੰਬਰ ਲੈਣ ਦਾ ਮਤਲਬ ਹੈ ਕਿ ਸਰਕਾਰ ਅੱਗੇ ਗੋਡੇ ਟੇਕ ਸੰਗਤਾਂ ਦੀ ਸ਼ਰਧਾ ਦੇ ਦਾਨ ਨਾਲ ਸਰਾਕਰੀ ਖਜ਼ਾਨੇ ਨੂੰ ਭਰਨਾ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਐਲਾਨ ਕਰੇ ਕਿ ਜੇਕਰ ਦਾਨ ਦੇ ਸਹਾਰੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਗੁਰਦੁਆਰਿਆ ਨੂੰ ਜੀ.ਐਸ.ਟੀ ਦੇ ਘੇਰੇ ਵਿੱਚੋ ਬਾਹਰ ਨਹੀ ਕੱਢਿਆ ਜਾਂਦਾ ਤਾਂ ਉਹ ਅਸਤੀਫਾ ਦੇ ਕੇ ਸਰਕਾਰ ਤੋ ਬਾਹਰ ਹੋ ਜਾਣਗੇ।
ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਨੂੰ ਸੁਝਾਅ ਦਿੰਦਿਆ ਕਿਹਾ ਕਿ ਕਿਸੇ ਕਿਸਮ ਦਾ ਕੋਈ ਜੀ.ਐਸ.ਟੀ ਨੰਬਰ ਲੈਣ ਦੀ ਲੋੜ ਨਹੀ ਹੈ ਅਤੇ ਲੋੜ ਪੈਣ `ਤੇ ਸਰਕਾਰ ਦੇ ਖਿਲਾਫ ਜੇਕਰ ਸੰਘਰਸ਼ ਵਿੱਢਿਆ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੋਹਰਲੀ ਕਤਾਰ ਵਿੱਚ ਖੜੇ ਹੋ ਕੇ ਸਾਥ ਦੇਵੇਗਾ।ਉਹਨਾਂ ਕਿਹਾ ਕਿ ਲੰਗਰ ਨੂੰ ਵੀ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਦਾ ਮਤਲਬ ਹੈ ਗੁਰੂ ਘਰ ਦਾ ਵਪਾਰੀਕਰਨ ਕਰਨਾ ਹੈ ਜੋ ਸਿੱਖ ਸਿਧਾਂਤਾਂ ਦੇ ਅਨੂਕੂਲ ਨਹੀ ਹੈ।ਉਹਨਾਂ ਕਿਹਾ ਕਿ ਗੁਰਦੁਆਰੇ ਕੋਈ ਵਪਾਰਕ ਅਦਾਰੇ ਨਹੀ ਸਗੋ ਸੇਵਾ ਦੇ ਕੇਂਦਰ ਹਨ ਤੇ ਕੋਈ ਵੀ ਗੁਰਦੁਆਰਾ ਜੀ.ਐਸ.ਟੀ ਅਦਾ ਨਹੀ ਕਰੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media