ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰੀ ਬਾਗਬਾਨੀ ਸੰਸਥਾ ਪੋਸਟ ਗਰੈਜੂਏਟ
ਇੰਸਟੀਚਿਊਟ ਆਫ ਹੌਰਟੀਕਲਚਰ ਰਿਸਰਚ ਐਡ ਐਜੂਕੇਸ਼ਨ ਦੀ ਸਥਾਪਨਾ ਲਈ ਅੰਮ੍ਰਿਤਸਰ-ਰਾਮਤੀਰਥ ਸੜਕ `ਤੇ ਲੋਂੜੀਂਦੀ 10 ਏਕੜ ਜ਼ਮੀਨ ਅਲਾਟ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਉਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜਮੀਨ ਪ੍ਰਾਪਤੀ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਸਰਾਹਣਾ ਕੀਤੀ ਹੈ।
ਮੰਚ ਦੇ ਪ੍ਰਧਾਨ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਇੱਕਤਰਤਾ ਉਪਰੰਤ ਪ੍ਰਧਾਨ ਅਣਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2015 ਦੇ ਕੇਂਦਰੀ ਬਜਟ ਸੈਸ਼ਨ ਦੌਰਾਨ ਮਾਨਯੋਗ ਭਾਰਤ ਦੇ ਖਜਾਨਾ ਮੰਤਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਵਿਖੇ ਉਕਤ ਹੌਰਟੀਕਲਚਰ ਸੰਸਥਾ ਦੀ ਸਥਾਪਨਾ ਦਾ ਐਲਾਨ ਕੀਤਾ ਸੀ।ਜਿਸ ਦੀ ਸਥਾਪਨਾ ਲਈ ਤੱਤਕਾਲੀ ਪੰਜਾਬ ਸਰਕਾਰ ਨੇ ਅਟਾਰੀ ਵਿਖੇ 100 ਏਕੜ ਜ਼ਮੀਨ ਇਸ ਸੰਸਥਾ ਦੀ ਸਥਾਪਨਾ ਲਈ ਦਸੰਬਰ 2015 ਵਿੱਚ ਦੇ ਦਿੱਤੀ ਸੀ।ਪ੍ਰੰਤੂ ਸੰਸਥਾ ਦੇ ਵਿਸ਼ੇਸ਼ ਬਲਾਕਾਂ ਦੀ ਉਸਾਰੀ ਲਈ 10 ਏਕੜ ਹੋਰ ਜਮੀਨ ਲੋ`ੜੀ`ਦੀ ਸੀ।ਵਿਭਾਗ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ-ਅਟਾਰੀ ਸੜਕ ਤੇ ਪਿੰਡ ਛਿੱਡਣ ਲਾਗੇ ਇਸ ਜਮੀਨ ਦੀ ਪ੍ਰਾਪਤੀ ਲਈ ਯਤਨ ਕੀਤੇ, ਜੋ ਸਫਲ ਨਾ ਹੋ ਸਕੇ ਤੇ ਹੁਣ ਕੈਪਟਨ ਸਰਕਾਰ ਨੇ ਪਿੰਡ ਧੌਲ ਕਲਾਂ ਵਿਖੇ ਇਹ ਜਮੀਨ ਅਲਾਟ ਕਰ ਦਿੱਤੀ ਹੈ।
ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਅਤੇ ਕਰਮਚਾਰੀਆਂ ਦੀ ਤਾਇਨਾਤੀ ਦਾ ਸਾਰਾ ਕੰਮ ਕੇ`ਦਰ ਸਰਕਾਰ ਦੀ ਜਿੰਮੇਵਾਰੀ ਹੈ।ਜਿਸ ਦੇ ਕਾਰਜਸ਼ੀਲ ਹੋਣ ਨਾਲ ਘਾਟੇ ਵਿੱਚ ਜਾ ਰਹੀ ਪੰਜਾਬ ਦੀ ਕਿਸਾਨੀ ਨੂੰ ਲਾਭ ਪੁੱਜੇਗਾ, ਕਿਉਂਕਿ ਇਹ ਸੰਸਥਾ ਫਸਲੀ-ਵਿਭੰਨਤਾ ਨੂੰ ਸੁਯੋਗ ਢੰਗ ਨਾਲ ਅਮਲ ਵਿੱਚ ਲਿਆਉਣ, ਸਿੰਚਾਈ ਲਈ ਆਧੁਨਿਕ ਅੰਤਰਰਾਸ਼ਟਰੀ ਵਿਧੀਆਂ ਦੀ ਖੋਜ ਅਤੇ ਉਨ੍ਹਾਂ ਨੂੰ ਲਾਗੂ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਰੱਖਿਅਤ ਪਧੱਰ ਤੱਕ ਲਿਆਉਣ ਅਤੇ ਲਾਹੇਵੰਦ ਫਲ-ਸਬਜੀਆਂ ਦੀ ਕਾਸ਼ਤ ਦੇ ਨਵੇ` ਢੰਗ ਤਰੀਕੇ ਇਜ਼ਾਦ ਕਰਕੇ ਡੁੱਬਦੇ ਜਾ ਰਹੇ ਖੇਤੀ ਧੰਦੇ ਲਈ ਇੱਕ ਵੱਡਾ ਠੁੰਮਣਾ ਸਾਬਤ ਹੋਏਗਾ।ਮੰਚ ਦੇ ਅਹੁੱਦੇਦਾਰਾਂ ਪ੍ਰੋ. ਮੋਹਣ ਸਿੰਘ, ਮਨਮੋਹਣ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਲਖਬੀਰ ਸਿੰਘ ਘੁੰਮਣ ਆਦਿ ਨੇ ਇਸ ਪ੍ਰਾਜੈਕਟ ਲਈ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਉਹ ਵੱਕਾਰੀ ਪੱਟੀ-ਮੱਖੂ ਰੇਲ-ਲਿੰਕ ਦੀ ਸਥਾਪਨਾ ਲਈ ਪੰਜਾਬ ਸਰਕਾਰ ਕੋਲੋਂ ਲੋੜੀਂਦੀ ਰਾਸ਼ੀ ਜਾਰੀ ਕਰਾਉਣ, ਜਿਸ ਲਈ ਭਾਰਤ ਸਰਕਾਰ 299 ਕਰੋੜ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ।
ਜਿਕਰਯੋਗ ਹੈ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਮੇਂ-ਸਮੇਂ `ਤੇ ਅੰਮ੍ਰਿਤਸਰ ਨਾਲ ਹੌਰਟੀਕਚਲਰ ਸੰਸਥਾ ਤੋਂ ਇਲਾਵਾ ਹੋਰ ਪ੍ਰਾਜੈਕਟਾਂ ਸਬੰਧੀ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਤਾਲਮੇਲ ਕੀਤਾ ਜਾਂਦਾ ਰਿਹਾ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media