ਦਮਦਮੀ ਟਕਸਾਲ ਦੇ ਵਫ਼ਦ ਨੇ ਤਾਵੜੇ ਨਾਲ ਮੁਲਾਕਾਤ ਕਰਦਿਆਂ ਉਠਾਇਆ ਮਾਮਲਾ
ਅੰਮ੍ਰਿਤਸਰ, 19 ਜੁਲਾਈ ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਤਾਵੜੇ ਨੇ ਸੂਬੇ ਦੀ ਸਕੂਲੀ ਪੁਸਤਕ ਵਿਚੋਂ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਸੰਬੰਧੀ ਇਤਰਾਜ਼ਯੋਗ ਸਮਗਰੀ / ਟਿੱਪਣੀਆਂ ਨੂੰ ਸਥਾਈ ਤੌਰ ਤੇ ਜਲਦ ਤੋਂ ਜਲਦ ਹਟਾ ਦੇਣ ਦਾ ਦਮਦਮੀ ਟਕਸਾਲ ਨੂੰ ਯਕੀਨ ਦਿਵਾਇਆ ਹੈ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਮੁੰਬਈ ਦੇ ਸਿੱਖ ਆਗੂ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਭੇਜੇ ਗਏ ਇੱਕ ਵਫ਼ਦ ਨੇ ਵਿਧਾਇਕ ਪ੍ਰਸ਼ਾਂਤ ਠਾਕੁਰ ਦੀ ਹਾਜ਼ਰੀ ਵਿੱਚ ਸਿਖਿਆ ਮੰਤਰੀ ਤਾਵੜੇ ਨਾਲ ਮੁਲਾਕਾਤ ਕੀਤੀ।ਵਫ਼ਦ ਨੇ ਸਿੱਖਿਆ ਮੰਤਰੀ ਨੂੰ ਦਮਦਮੀ ਟਕਸਾਲ ਵਲੋਂ ਰਾਜ ਸਰਕਾਰ ਵਲੋਂ ਪ੍ਰਕਾਸ਼ਿਤ ਨੌਵੀਂ ਜਮਾਤ ਦੇ ਹਿਸਟਰੀ ਐਡ ਪੁਲਿਟੀਕਲ ਸਾਇੰਸ ਪੁਸਤਕ ਵਿਚ ਜੂਨ ’84 ਦੇ ਸਾਕਾ ਨੀਲਾ ਤਾਰਾ ਬਾਰੇ ਪੰਜਾਬ ਦੇ ਇਤਿਹਾਸਕ ਪੱਖਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਕੀਤੀਆਂ ਗਈਆਂ ਇਤਰਾਜ਼ਯੋਗ ਟਿਪਣੀਆਂ ਦਾ ਮਾਮਲਾ ਉਠਾਉਂਦਿਆਂ ਇੱਕ ਯਾਦ-ਪੱਤਰ ਸੌਂਪਿਆ।ਵਫ਼ਦ ਦੇ ਆਗੂਆਂ ਨੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਨਾਕਾਰਾਤਮਕ ਟਿੱਪਣੀਆਂ ਨੂੰ ਝੁਠਲਾਉਦਾ ਸਰਕਾਰੀ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਸਿੱਖਿਆ ਮੰਤਰੀ ਨਾਲ ਤਰਕਸੰਗਤ ਡੂੰਘੀਆਂ ਵਿਚਾਰਾਂ ਕੀਤੀਆਂ।ਇਸ ਮੌਕੇ ਤਾਵੜੇ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸੰਤ ਭਿੰਡਰਾਂਵਾਲਿਆਂ ਅਤੇ ਸਿੱਖਾਂ ਦੀ ਦਿੱਖ ਨੂੰ ਠੇਸ ਨਹੀਂ ਪਹੁੰਚਣ ਦੇਣਗੇ ।ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਮਹਾਰਾਸ਼ਟਰ ਸਿਖਿਆ ਵਿਭਾਗ ਵਲੋਂ ਜਿੰਨਾ ਸੰਭਵ ਹੋ ਸਕੇ ਜਲਦ ਤੋਂ ਜਲਦ ਉਕਤ ਪੁੱਸਤਕ ਵਿਚ ਲੋੜੀਂਦੀ ਸੋਧ ਕਰਨ ਜਾਂ ਉਕਤ ਚੈਪਟਰ ਨੂੰ ਸਥਾਈ ਤੌਰ ’ਤੇ ਪੁਸਤਕ ਵਿਚੋਂ ਹਟਾਉਣ ਲਈ ਠੋਸ ਕਦਮ ਚੁਕਿਆ ਜਾਵੇਗਾ।ਉਹਨਾਂ ਇਹ ਵੀ ਯਕੀਨ ਦਿਵਾਇਆ ਕਿ ਉਹ ਇਤਿਹਾਸ ਦੇ ਸਕੂਲ ਅਧਿਆਪਕਾਂ ਨੂੰ ਇਹ ਹਦਾਇਤ ਵੀ ਕਰਨਗੇ ਕਿ ਉਹ ਵਿਦਿਆਰਥੀਆਂ ਨੂੰ ਪੜਾਉਂਦੇ ਸਮੇਂ ਸੰਤ ਜੀ ਨੂੰ ਇੱਕ ਧਾਰਮਿਕ ਪ੍ਰਚਾਰਕ ਦੇ ਰੂਪ ਵਿੱਚ ਪੇਸ਼ ਕਰਨ ਨਾ ਕਿ ’ਅਤਿਵਾਦ’ ਹਮਾਇਤੀ ।ਉਹਨਾਂ ਇਸ ਸੰਬੰਧੀ ਜਲਦੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਗੱਲ ਵੀ ਆਖੀ।
ਦਮਦਮੀ ਟਕਸਾਲ ਦੇ ਮੁਖੀ ਨੇ ਮਹਾਰਾਸ਼ਟਰ ਦੇ ਸਿਖਿਆ ਮੰਤਰੀ ਵਿਨੋਦ ਤਾਵੜੇ ਵਲੋਂ ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਭਾਈਚਾਰੇ ਪ੍ਰਤੀ ਸਾਕਾਰਾਤਮਕ ਪਹੁੰਚ ਅਤੇ ਦਿੱਤੇ ਗਏ ਭਰੋਸੇ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ।ਉਹਨਾਂ ਉਮੀਦ ਜਤਾਈ ਹੈ ਕਿ ਤਾਵੜੇ ਮੀਟਿੰਗ ਦੌਰਾਨ ਵਫ਼ਦ ਨੂੰ ਦਿੱਤੇ ਗਏ ਮੌਖਿਕ ਭਰੋਸੇ ਨੂੰ ਕਾਇਮ ਰੱਖਣ ਲਈ ਉਚਿਤ ਕਾਰਵਾਈ ਨੂੰ ਜਲਦ ਤੋਂ ਜਲਦ ਅਮਲ ਵਿਚ ਲਿਆਉਣਗੇ। ਵਫ਼ਦ ਵਿੱਚ ਜਸਪਾਲ ਸਿੰਘ ਸਿੱਧੂ ਅਤੇ ਵਿਧਾਇਕ ਪ੍ਰਸ਼ਾਂਤ ਠਾਕੁਰ ਤੋਂ ਇਲਾਵਾ ਭਾਈ ਮਲਕੀਤ ਸਿੰਘ ਬੱਲ, ਚਰਨਜੀਤ ਸਿੰਘ ਹੈਪੀ, ਸਤਵਿੰਦਰ ਸਿੰਘ ਮਰਵਾਹ, ਦਲਬੀਰ ਸਿੰਘ ਚੰਨੀ ਅਤੇ ਅਮਰਜੀਤ ਸਿੰਘ ਰੰਧਾਵਾ ਆਦਿ ਵੀ ਸ਼ਾਮਿਲ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media