ਬਾਲ-ਬਾਲ ਬਚੀ 4 ਸਾਲ ਦੀ ਛੋਟੀ ਲੜਕੀ
ਧੂਰੀ, 25 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਧਰਮਪੁਰਾ ਮੁਹੱਲੇ `ਚ ਬੀਤੀ ਰਾਤ ਇੱਕ ਮਕਾਨ ਦੀ ਛੱਤ ਡਿੱਗ ਜਾਣ ਨਾਲ ਇੱਕੋ ਪਰਿਵਾਰ ਦੇ ਸੁੱਤੇ
ਪਏ ਚਾਰ ਮੈਂਬਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਨੇੜਲੇ ਗੁਆਂਢੀਆਂ ਅਤੇ ਮੁਹੱਲਾ ਨਿਵਾਸੀਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਅਤੇ ਇਲਾਜ਼ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਜ਼ਖਮੀਆਂ ਵਿੱਚੋਂ ਇੱਕ ਔਰਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਅਤੇ ਪਟਿਆਲਾ ਵਿਖੇ ਇਲਾਜ਼ ਉਪਰੰਤ ਮੁੜ ਸਿਵਲ ਹਸਪਤਾਲ ਧੂਰੀ ਵਿਖੇ ਜੇਰੇ ਇਲਾਜ਼ ਲਿਆਂਦਾ ਗਿਆ ਹੈ।
ਇਸ ਮੰਦਭਾਗੀ ਦੁਰਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖਮੀ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੂਰੇ ਪਰਿਵਾਰ ਸਮੇਤ ਮਕਾਨ ਦੇ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਕਿ ਰਾਤ ਦੇ ਕਰੀਬ 12 ਕੁ ਵਜੇ ਇੱਕ ਜ਼ੋਰਦਾਰ ਖੜਕੇ ਨਾਲ ਅਚਾਨਕ ਉਹਨਾਂ ਦੇ ਮਕਾਨ ਦੀ ਛੱਤ ਡਿੱਗ ਗਈ ਅਤੇ ਉਸ ਦੀ ਮਾਤਾ ਬਲਵੀਰ ਕੌਰ, ਘਰਵਾਲੀ ਲਵਪ੍ਰੀਤ ਕੌਰ ਅਤੇ ਉਸ ਦੀ 4 ਕੁ ਸਾਲ ਦੀ ਛੋਟੀ ਲੜਕੀ ਵੀ ਮਲਬੇ ਹੇਠਾਂ ਆ ਗਏ ਸਨ।ਛੱਤ ਡਿੱਗਣ ਨਾਲ ਹੋਏ ਜ਼ੋਰਦਾਰ ਖੜਕੇ ਅਤੇ ਰੌਲਾ-ਰੱਪਾ ਪੈਣ `ਤੇ ਨੇੜਲੇ ਗੁਆਂਢੀਆਂ ਵੱਲੋਂ ਉਨਾਂ ਦੇ ਸਾਰੇ ਪਰਿਵਾਰ ਨੂੰ ਮਲਬੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦਾ ਗਿਆ। ਜ਼ਖਮੀ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਹੀ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ, ਹੁਣ ਮਕਾਨ ਦੀ ਛੱਤ ਡਿੱਗਣ ਨਾਲ ਫਰਨੀਚਰ ਆਦਿ ਸਮੇਤ ਉਹਨਾਂ ਦੇ ਘਰ ਦਾ ਕਾਫੀ ਕੀਮਤੀ ਸਮਾਨ ਤਹਿਸ-ਨਹਿਸ ਹੋ ਗਿਆ ਹੈ ਅਤੇ ਉਸ ਨੇ ਪੰਜਾਬ ਸਰਕਾਰ ਵੱਲੋਂ ਮਾਲੀ ਮੱਦਦ ਦੀ ਗੁਹਾਰ ਲਗਾਈ ਹੈ।ਫਿਲਹਾਲ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ ਜ਼ਿਕਰਯੋਗ ਹੈ ਕਿ ਇਸ ਮੰਦਭਾਗੀ ਦੁਰਘਟਨਾ ਦੌਰਾਨ 4 ਸਾਲ ਦੀ ਇੱਕ ਛੋਟੀ ਲੜਕੀ ਬਾਲ-ਬਾਲ ਬਚ ਗਈ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media