ਸਾਨੂੰ ਆਪਣੇ ਸਪੁੱਤਰ ਦੀ ਸ਼ਹੀਦੀ ‘ਤੇ ਫਖਰ ਹੈ- ਪਿਤਾ ਹਰਭਜਨ ਸਿੰਘ
ਚੌਕ ਮਹਿਤਾ, 25 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੜਾ ਸੰਜੀਦਾ ਅਤੇ ਦੇਸ਼ ਭਗਤੀ ਦਾ ਜ਼ਜਬਾ ਦਿਲ ਵਿੱਚ ਰੱਖਣ ਵਾਲਾ ਸੀ ਸਾਡਾ ਹੋਣਹਾਰ
ਸਪੁੱਤਰ ਤਰਲੋਚਨ ਸਿੰਘ ਸੰਧੂ ਜੋ ਦੇਸ਼ ਦੀਆਂ ਸਰਹੱਦਾਂ ਤੇ ਪਾਕਿਸਤਾਨ ਦੀਆਂ ਫੌਜ਼ਾਂ ਨਾਲ ਜੂਝਦਿਆਂ ਵੀਰ ਗਤੀ ਨੂੰ ਪ੍ਰਾਪਤ ਹੋਇਆ ਅਤੇ ਅਪਣੀ ਸੂਰਮਗਤੀ ਨਾਲ ਸ਼ਹੀਦਾਂ ਦੀ ਮੂਹਰਲੀ ਕਤਾਰ ਵਿੱਚ ਜਾ ਖਲੋਤਾ।ਇਹ ਸ਼ਬਦ ਸਨ ਸ੍ਰ:ਹਰਭਜਨ ਸਿੰਘ ਸੰਧੂ ਪਿੰਡ ਅਰਜਨ ਮਾਂਗਾ ਅਤੇ ਉਹਨਾਂ ਦੀ ਧਰਮ ਪਤਨੀ ਚਰਨਜੀਤ ਕੌਰ ਦੇ ਜਿਨ੍ਹਾਂ ਦਾ ਨੌਜਵਾਨ ਸਪੁੱਤਰ ਕਾਰਗਿਲ ਦੀ ਜੰਗ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਮਿਤੀ 7 ਜੁਲਾਈ 1999 ਨੂੰ ਸ਼ਹੀਦ ਹੋ ਗਿਆ ਸੀ।ਇਸ ਸਮੇ ਉਹਨਾਂ ਸਾਡੇ ਪੱਤਰਕਾਰ ਜੋਗਿੰਦਰ ਮਾਣਾ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 20 ਮਈ 1978 ਨੂੰ ਤਰਲੋਚਨ ਸਿੰਘ ਦਾ ਜਨਮ ਉਹਨਾਂ ਦੇ ਘਰ ਹੋਇਆ।ਉਹ ਮੁੱਢਲੀ ਪੜਾ੍ਹਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਦਸਵੀਂ ਜ਼ਮਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਤੋਂ ਪ੍ਰਾਪਤ ਕਰਕੇ ਸਨ 1997 ਅੰਦਰ 8 ਸਿੱਖ ਲਾਈਟ ਇਨਫੈਂਟਰੀ ਵਿੱਚ ਭਰਤੀ ਹੋ ਗਿਆ।ਕੁੱਝ ਸਮੇਂ ਬਾਅਦ ਹੀ ਪਾਕਿਸਤਾਨ ਨੇ ਜਦੋਂ ਕਾਰਗਿਲ ਖੇਤਰ ਵਿੱਚ ਘੁਸਪੈਠ ਕੀਤੀ ਤਾਂ ਟਾਈਗਰ ਹਿੱਲ ਤੇ ਬੜੀ ਲਹੂ ਵੀਟਵੀਂ ਲੜਾਈ ਲੜ ਕੇ ਮੋਰਚਾ ਜਿੱਤ ਲਿਆ ਪਰ ਪਾਕਿਸਤਾਨੀਆਂ ਦੇ ਇਕ ਹਵਾਈ ਹਮਲੇ ਰਾਹੀਂ ਸੁੱਟੇ ਬੰਬਾਂ ਦੀ ਲਪੇਟ ਵਿੱਚ ਆਉਣ ਕਾਰਣ 7 ਜੁਲਾਈ 1999 ਨੂੰ ਅਪਣੇ ਕਈ ਹੋਰ ਸਾਥੀਆਂ ਸਮੇਤ ਸ਼ਹੀਦ ਹੋ ਗਏ।
ਹਰਭਜਨ ਸਿੰਘ ਸੰਧੂ ਨੇ ਦਸਿਆ ਕਿ ਬੇਸ਼ਕ ਸਰਕਾਰ ਵਲੋਂ ਉਹਨਾਂ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਭਰਪੂਰ ਮਦਦ ਕੀਤੀ ਹੈ, ਪਰ ਸਿਵਲ ਪ੍ਰਸ਼ਾਸਨ ਕੋਲੋਂ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਉਪਰ ਰੱਖਣ,ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਸ਼ਹੀਦ ਦਾ ਯਾਦਗਾਰੀ ਗੇਟ ਬਣਾਉਣ ਸਬੰਧੀ ਉਹਨਾਂ ਵਲੋਂ ਕੀਤੀ ਗਈ ਮੰਗ ਨੂੰ ਅਜੇ ਤੱਕ ਬੂਰ ਨਹੀਂ ਪਇਆ।ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਪਰ ਲਿਖੀਆਂ ਤਿੰਨੇ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆ ਜਾਣ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media