Friday, October 2, 2026

ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਵੱਲੋਂ ਮੀਟਿੰਗ- 18 ਨੂੰ ਦਿੱਤੇ ਜਾਣਗੇ ਜ਼ਿਲ੍ਹਾ ਪੱਧਰੀ ਧਰਨੇ

PPN1408201717ਸੰਗਰੂਰ, 14 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਜ਼ਿਲ੍ਹਾ ਭਰ ਦੀਆਂ ਟਰੱਕ ਯੂਨੀਅਨਾਂ ਵੱਲੋਂ ਅੱਜ ਇਥੇ ਮੀਟਿੰਗ ਦੌਰਾਨ ਸਪੱਸ਼ਟ ਕਰ ਦਿੱਤਾ ਗਿਆ ਕਿ ਸਮੁੱਚੇ ਜ਼ਿਲ੍ਹੇ ਵਿਚ ਕਿਤੇ ਵੀ ਸਪੈਸ਼ਲਾਂ ਨਹੀ ਭਰੀਆਂ ਜਾਣਗੀਆਂ ਅਤੇ ਸਰਕਾਰੀ ਕੰਮਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਜਾਰੀ ਰਹੇਗਾ।ਇਥੇ ਟਰੱਕ ਯੂਨੀਅਨ ਵਿਚ ਜ਼ਿਲ੍ਹਾ ਭਰ ਦੀਆਂ 14 ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਤੇ ਨੁਮਾਇੰਦਿਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ 18 ਅਗਸਤ ਨੂੰ ਦਿੱਤੇ ਜਾਣ ਵਾਲੇ ਰੋਸ ਧਰਨਿਆਂ ਅਤੇ 23 ਅਗਸਤ ਨੂੰ ਜ਼ਿਲ੍ਹਾ ਭਰ ਵਿਚ ਸੜਕਾਂ ਜਾਮ ਕਰਨ ਦੇ ਉਲੀਕੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪ੍ਰਧਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਬਹਿਣੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਖ਼ਿਲਾਫ ਆਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਸੰਘਰਸ਼ ਲਈ ਜਿਹੜੇ ਫੈਸਲੇ ਲਏ ਹਨ ਉਨ੍ਹਾਂ ਫੈਸਲਿਆਂ ਉਪਰ ਜ਼ਿਲ੍ਹਾ ਸੰਗਰੂਰ ਵੱਲੋਂ ਪੂਰਨ ਤੌਰ ’ਤੇ ਪਹਿਰਾ ਦਿੱਤਾ ਜਾਵੇਗਾ।ਪੰਜਾਬ ਭਰ `ਚ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਜਾਰੀ ਹੈ।ਭਾਵੇਂ ਟਰੱਕ ਯੂਨੀਅਨ ਪ੍ਰਧਾਨਾਂ ਨੂੰ ਸਰਕਾਰੀ ਤੌਰ ’ਤੇ ਸਪੈਸ਼ਲਾਂ ਭਰਨ ਲਈ ਆਖਿਆ ਜਾ ਰਿਹਾ ਹੈ ਪਰ ਉਹ ਸਪੱਸ਼ਟ ਕਰਦੇ ਹਨ ਕਿ ਜ਼ਿਲ੍ਹਾ ਭਰ ’ਚੋਂ ਕੋਈ ਵੀ ਯੂਨੀਅਨ ਸਪੈਸ਼ਲ ਨਹੀ ਭਰੇਗੀ।18 ਅਗਸਤ ਨੂੰ ਡੀ.ਸੀ ਕੰਪਲੈਕਸ ਅੱਗੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।ਇਸ ਤੋਂ ਬਾਅਦ 23 ਅਗਸਤ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ।ਇਸ ਮੌਕੇ ਟਰੱਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਰਣਦੀਪ ਸਿੰਘ ਮਿੰਟੂ, ਭਵਾਨੀਗੜ੍ਹ ਦੇ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਤੋਂ ਇਲਾਵਾ ਸੁਨਾਮ,ਧੂਰੀ, ਮਲੇਰਕੋਟਲਾ, ਸ਼ੇਰਪੁਰ, ਸੰਦੌੜ, ਕੁੱਪ ਕਲਾਂ, ਅਹਿਮਦਗੜ੍ਹ, ਅਮਰਗੜ੍ਹ, ਦਿੜਬਾ, ਮੂਨਕ, ਲਹਿਰਾਗਾਗਾ ਅਤੇ ਖਨੌਰੀ ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply