ਮਾਊਂਟ ਐਵਰੇਸਟ ਸਰ ਕਰ ਕੇ ਬੇਟੀ ਬਚਾਓ, ਬੇਟੀ ਪੜਾਓ ਤੇ ਰੁੱਖ ਲਗਾਓ ਦਾ ਦੇ ਰਹੀ ਹੈ ਸੰਦੇਸ਼
ਫ਼ਤਿਹਗੜ ਸਾਹਿਬ, 19 ਅਗਸਤ (ਪੰਜਾਬ ਪੋਸਟ- ਨਵਜੋਤ ਸਿੱਧੂ) – 2011 ਵਿੱਚ ਭਾਰਤ ਦੀ 28 ਮੈਂਬਰੀ ਟੀਮ ਵਿਚੋਂ ਸਭ ਤੋਂ ਪਹਿਲਾਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸ਼ਟ ਸਰ ਕਰਕੇ ਭਾਰਤ ਦਾ ਝੰਡਾ ਲਹਿਰਾਉਣ ਵਾਲੀ ਹਰਿਆਣਾ ਦੇ ਰਿਵਾੜੀ ਦੀ ਸੁਨੀਤਾ ਸਿੰਘ ਇਹਨੀ ਦਿਨੀਂ ਕੰਨਿਆ ਕੁਮਾਰੀ ਤੋਂ ਲੇਹ ਲਦਾਖ ਤੱਕ ਸਾਇਕਲ ਯਾਤਰਾ `ਤੇ ਨਿਕਲੀ ਹੈ।ਹਰਿਆਣਾ ਸਰਕਾਰ ਦੀ ਬੈਂ੍ਰਡ ਅੰਬੈਸਡਰ ਸੁਨੀਤਾ ‘ਬੇਟੀ ਬਚਾਓ ਤੇ ਬੇਟੀ ਪੜਾਓ, ਦਰਖ਼ਤ ਲਗਾਓ ਵਾਤਾਵਰਣ ਬਚਾਓ’ ਦਾ ਨਾਅਰਾ ਲੈ ਕੇ ਚੱਲੀ ਹੈ।15 ਜੁਲਾਈ ਨੂੰ ਕੰਨਿਆਂ ਕੁਮਾਰੀ ਤੋਂ ਸ਼ੁਰੂ ਕੀਤੀ ਸਾਇਕਲ ਯਾਤਰਾ ਦੋਰਾਨ ਸੁਨੀਤਾ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਈ।ਜਿਥੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਮੀਤ ਮੈਨੇਜਰ ਦਰਸ਼ਨ ਸਿੰਘ ਸਮੇਤ ਸਮੂਹ ਸਟਾਫ ਨੇ ਜਿਥੇ ਸੁਨੀਤਾ ਦੇ ਇਸ ਕਾਰਜ ਦੀ ਪ੍ਰੰਸਸਾ ਕੀਤੀ, ਉਥੇ ਹੀ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ ਵੀ ਭੇਂਟ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਤਾ ਸਿੰਘ ਨੇ ਦੱਸਿਆ ਕਿ ਉਸ ਨੇ ਮਾਊਂਟ ਐਵਰੇਸ਼ਟ ਤੋਂ ਇਲਾਵਾ 18 ਪਹਾੜ ਸਰ ਕੀਤੇ ਹਨ, ਜ਼ਿਨਾਂ ਵਿਚ ਮਾਉਟ ਜੋਨਲੀ, ਆਈਲੈਂਡ ਪੀਕ, ਮਾਉਟ ਲੋਬੂਚੇ, ਲਾਹੋਤਸੇ ਪ੍ਰਮੁੱਖ ਤੌਰ ਤੇ ਸ਼ਾਮਲ ਹਨ।ਸੁਨੀਤਾ ਨੇ ਭਾਰਤ ਵਿਚ ਗੰਗੋਤਰੀ ਗਲੇਸ਼ੀਅਰ ਰਤ-ਬਨ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਸ ਗਲੇਸ਼ੀਅਰ ਨੂੰ ਉਸ ਨੇ ਸਰ ਕਰਕੇ ਮਾਂ-ਬੇਟੀ ਦਾ ਨਾਮ ਦਿੱਤਾ, ਕਿਉਕਿ ਉਸ ਦਾ ਸਲੋਗਨ ‘ਬੇਟੀ ਬਚਾਓ ਤੇ ਬੇਟੀ ਪੜਾਓ ਦਰਖ਼ਤ ਲਗਾਓ ਵਾਤਾਵਰਣ ਬਚਾਓ’ ਨੂੰ ਸਮਰਪਿਤ ਹੈ।ਕੁਰਕਸ਼ੇਤਰਾ ਯੂਨੀਵਰਸਿਟੀ ਤੋਂ ਐਮ.ਪੀ.ਐਡ ਦੀ ਡਿਗਰੀ ਪ੍ਰਾਪਤ ਸੁਨੀਤਾ ਨੇ ਦੱਸਿਆ ਕਿ ਆਪਣੇ 28ਵੇਂ ਦਿਨ ਤੱਕ ਉਸ ਨੇ ਸਾਇਕਲ ਤੇ 3 ਹਜਾਰ 700 ਕਿਲੋਮੀਟਰ ਸਫਰ ਤੈਅ ਕੀਤਾ ਹੈ ਤੇ 5 ਹਜਾਰ ਕਿਲੋਮੀਟਰ ਕੁੱਲ ਤਹਿ ਕਰਨ ਦਾ ਟੀਚਾ ਹੈ ਅਤੇ ਉਹ ਰੋਜ਼ਾਨਾ 110 ਕਿਲੋਮੀਟਰ ਤੋਂ ਉਪਰ ਦਾ ਸਫਰ ਤਹਿ ਕਰਦੀ ਹੈ।
ਸੁਨੀਤਾ ਨੇ ਆਪਣੇ ਸਾਇਕਲ ਯਾਤਰਾ ਸਬੰਧੀ ਦੱਸਿਆ ਕਿ ਕੰਨਿਆਂ ਕੁਮਾਰੀ ਤੋਂ ਸ਼ੁੁਰੂ ਤਾਮਿਲਨਾਡੂ, ਕੇਰਲਾ, ਕਰਨਾਟਕਾ, ਮਹਾਰਾਸ਼ਟਰਾ, ਗੁਜ਼ਰਾਤ, ਰਾਜਸਥਾਨ, ਹਰਿਆਣਾ ਤੋਂ ਹੁੰਦੇ ਹੋਏ ਪੰਜਾਬ ਪਹੰੁਚੀ ਹੈ ਤੇ ਇਥੋਂ ਆਪਣੇ ਅਗਲੇ ਪੜਾਅ ਹਿਮਾਚਲ, ਕਸ਼ਮੀਰ ਤੋਂ ਹੁੰਦੀ ਹੋਈ ਲੇਹ ਲਦਾਖ਼ ਪਹੰੁਚ ਕੇ ਆਪਣਾ ਟੀਚਾ ਸਰ ਕਰੇਗੀ। ਉਸ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਲੜਕੀਆਂ ਨੂੰ ਹਰ ਖੇਤਰ ਵਿਚ ਅਗੇ ਵਧਣ ਵਿਚ ਮਦਦ ਕਰਨ ਕਿਉਕਿ ਲੜਕੀਆਂ ਕਿਸੇ ਵੀ ਪੱਖ ਤੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ, ਜੇਕਰ ਉਨਾਂ ਦਾ ਸਾਥ ਦਿੱਤਾ ਜਾਵੇ ਤਾਂ ਲੜਕੀਆਂ ਸਮਾਜ ਲਈ ਬਹੁਤ ਕੁੱਝ ਕਰ ਸਕਦੀਆਂ ਹਨ, ਜਿਸ ਨਾਲ ਉਨਾਂ ਦੇ ਮਾਤਾ-ਪਿਤਾ ਦਾ ਨਾਮ ਵੀ ਉਚਾ ਹੋਵੇਗਾ। ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਵਿੱਚ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਪਾਸੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਹੋਣ ਤੋਂ ਇਲਾਵਾ ਉਹ ਭਾਰਤ ਸਰਕਾਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਐਵਾਰਡ, ਬੀ.ਐਸ.ਐਫ ਡੋਟਰ ਐਵਾਰਡ, ਭਾਰਤ ਗੋਰਵ ਐਵਾਰਡ, ਹਰਿਆਣਾ ਹੀਰੋਜ਼ ਐਵਾਰਡ ਤੇ ਹਰਿਆਣਾ ਸਰਕਾਰ ਵਲੋਂ ਗੁਜ਼ਰ ਗੋਰਵ ਐਵਾਰਡ ਪ੍ਰਾਪਤ ਚੁੱਕੀ ਹੈ।ਰਸਤੇ ਵਿਚ ਆਈਆਂ ਦਿੱਕਤਾਂ ਸੰਬੰਧੀ ਸੁਨੀਤਾ ਨੇ ਦੱਸਿਆ ਕਰਨਾਟਕਾ ਵਿਚ ਉਸ ਦਾ ਪਰਸ ਚੋਰੀ ਹੋ ਗਿਆ ਸੀ, ਜਿਸ ਵਿਚ ਨਕਦੀ ਤੋਂ ਇਲਾਵਾ ਉਸ ਦੇ ਜ਼ਰੂਰੀ ਕਾਗਜ਼ਾਤ ਸਨ, ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਚਲ ਸਕਿਆ ਤੇ ਪਹਾੜੀ ਸਫਰ ਦੋਰਾਨ ਉਸ ਦਾ ਸਾਇਕਲ ਸਲਿਪ ਹੋ ਜਾਣ ਕਾਰਨ ਸੱਜੀ ਬਾਂਹ `ਤੇ ਪੰਜ ਟਾਂਕੇ ਵੀ ਲੱਗੇ ਹਨ।
ਉਨਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿੰਨੇ ਦਰੱਖਤ ਅਸੀਂ ਕੱਟਦੇ ਹਾਂ ਉਸ ਤੋਂ ਜਿਆਦਾ ਪੈਦਾ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਖੁੱਲ ਕੇ ਸਾਹ ਲੈ ਸਕਣ ਅਤੇ ਸਾਰੇ ਵਿਕਸਿਤ ਦੇਸ਼ ਇਸ ਸੰਬੰਧੀ ਕੋਸ਼ਿਸ਼ ਕਰ ਰਹੇ ਹਨ।ਉਨਾਂ ਸਮਾਜ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੀ ਤਿਉਹਾਰ, ਵਿਆਹ-ਸ਼ਾਦੀਆਂ, ਸਮਾਗਮਾਂ ਦੁਸ਼ਹਿਰਾ ਦਿਵਾਲੀ ਆਦਿ ਉਤੇ ਹਰੇਕ ਵਿਅਕਤੀ ਨੂੰ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਇੱਕ-ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਤੇ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ, ਕਿੳਂੁਕਿ ਅਜਿਹੇ ਮੋਕੇ ਪੌਦੇ ਲਗਾਉਣ ਨਾਲ ਉਨਾਂ ਦੀਆਂ ਯਾਦਾਂ ਵੀ ਜੁੜੀਆਂ ਰਹਿਣੀਆਂ ਹਨ।
ਫੋਟੋ ਕੈਪਸ਼ਨ :
ਮੀਤ ਮੈਨੇਜਰ ਦਰਸ਼ਨ ਸਿੰਘ ਸੁਨੀਤਾ ਦਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਲਿਟਰੇਚਰ ਤੇ ਸਿਰਪਾਓ ਭੇਂਟ ਕਰਕੇ ਸਨਮਾਨ ਕਰਦੇ ਹੋਏ । (ਨਵਜੋਤ ਸਿੱਧੂ )
Punjab Post Daily Online Newspaper & Print Media