ਕੈਪਟਨ `ਤੇ ਪ੍ਰਧਾਨ ਮੰਤਰੀ ਨਾਲ ਸਮਝੌਤਾ ਕਰਨ ਦੇ ਲਾਏ ਦੋਸ਼
ਫ਼ਤਹਿਗੜ ਸਾਹਿਬ, 16 ਅਗਸਤ (ਪੰਜਾਬ ਪੋਸਟ- ਨਵਜੋਤ ਸਿੱਧੂ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਦੌਰਾਨ ਪੰਜਾਬ ਨਿਵਾਸੀਆਂ ਨਾਲ ਕੀਤੇ ਵਾਅਦੇ ਯਾਦ ਕਰਾਉਂਦਿਆਂ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਪੰਜਾਬ ਨਿਵਾਸੀਆਂ ਨੇ ਇਸ ਲਈ ਫਤਵਾ ਦਿੱਤਾ ਸੀ ਕਿ ਉਹ ਆਪਣੇ ਕੀਤੇ ਵਾਅਦਿਆਂ ਤੇ ਖਰੇ ਉਤਰਨਗੇ।ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਉਮੀਦ ਲਾਈ ਸੀ ਕਿ ਜਿੰਮੀਦਾਰਾਂ ਨਾਲ ਸੰਬੰਧਤ ਸਭ ਮੁਸ਼ਕਿਲਾਂ ਜਿਵੇਂ ਖਾਂਦਾ, ਦਵਾਈਆਂ ਅਤੇ ਬੀਜ਼ ਮਿਲਾਵਟ ਤੋਂ ਰਹਿਤ ਸਹੀ ਕੀਮਤ ਉਤੇ ਕਿਸਾਨਾਂ ਨੂੰ ਉਪਲੱਬਧ ਕਰਨ, ਉਨਾਂ ਦੇ ਕਰਜਿਆਂ ਉਤੇ ਲੀਕ ਮਾਰਨ, ਉਨਾਂ ਦੀਆਂ ਉਤਪਾਦ ਫ਼ਸਲਾਂ ਦਾ ਮੰਡੀਕਰਨ ਕਰਕੇ ਸਹੀ ਕੀਮਤ ਦਿਵਾਉਣ, ਉਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਤੋਂ ਬਚਾਉਣ ਲਈ ਬੀਮਾ ਯੋਜਨਾ ਲਾਗੂ ਕਰਨ, ਝੋਨੇ ਅਤੇ ਕਣਕ ਆਦਿ ਦੀ ਸਾਂਭ-ਸੰਭਾਲ ਲਈ ਸਰਕਾਰੀ ਪੱਧਰ ਤੇ ਗੋਦਾਮ ਅਤੇ ਕੋਲਡ ਸਟੋਰ ਕਾਇਮ ਹੋਣਗੇ।ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ, ਕਾਨੂੰਨੀ ਵਿਵਸਥਾ ਨੂੰ ਸਹੀ ਰੱਖਣ ਆਦਿ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਵੱਧਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਅਤੇ ਗੈਗਸਟਰਾਂ ਦੀਆਂ ਅਪਰਾਧਿਕ ਕਾਰਵਾਈਆ ਨੂੰ ਬੰਦ ਕਰਨ ਲਈ ਉਚੇਚੇ ਤੌਰ ਤੇ ਫੈਸਲਾਕੁੰਨ ਯੋਜਨਾ ਉਤੇ ਅਮਲ ਕੀਤਾ ਜਾਵੇਗਾ।ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ ਤੇ ਮੌਕੇ ਪ੍ਰਦਾਨ ਕੀਤੇ ਜਾਣਗੇ, ਪਰ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲੇ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਨ ਕਰਨ ਦੀ ਬਜਾਇ ਜਿੰਮੀਦਾਰਾਂ ਦੀ ਨਰਮੇ ਦੀ ਫ਼ਸਲ ਨੂੰ ਪਈ ਚਿੱਟੀ ਮੱਖੀ ਦੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਕਰਨ ਲਈ ਕੋਈ ਵੀ ਅਮਲੀ ਰੂਪ ਵਿਚ ਕਦਮ ਨਹੀਂ ਉਠਾਇਆ ਜਾ ਰਿਹਾ ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੀ ਬਾਦਲ-ਬੀਜੇਪੀ ਸਰਕਾਰ ਦੀ ਤਰਾ ਪੂਰੀ ਤਰਾਂ ਹਰ ਪੱਖ ਤੋਂ ਅਸਫ਼ਲ ਸਾਬਤ ਹੋ ਚੁੱਕੀ ਹੈ ਅਤੇ ਆਪਣੇ ਕੀਤੇ ਗਏ ਚੋਣ ਵਾਅਦਿਆ ਤੋਂ ਪੂਰਨ ਰੂਪ ਵਿਚ ਭੱਜ ਚੁੱਕੀ ਹੈ।ਉਨਾਂ ਕਿਹਾ ਕਿ ਜੋ ਪੰਜਾਬ ਦੇ ਜਿੰਮੀਦਾਰ, ਵਪਾਰੀ, ਦੁਕਾਨਦਾਰ, ਵਿਦਿਆਰਥੀ ਅਤੇ ਮਜ਼ਦੂਰ ਵਰਗ ਨਾਲ ਇਸ ਸਮੇਂ ਬੇਇਨਸਾਫ਼ੀ ਅਤੇ ਜ਼ਬਰ-ਜੁਲਮ ਹੋ ਰਿਹਾ ਹੈ, ਉਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।ਉਨਾਂ ਦੋਸ਼ ਲਾਇਆ ਕਿ ਸਰਕਾਰ ਆਪਣੇ ਲੋਕਾਂ ਨੂੰ ਬਣਦਾ ਇਨਸਾਫ਼ ਦੇਣ ਅਤੇ ਉਨਾਂ ਨੂੰ ਹਰ ਤਰਾਂ ਦੀਆਂ ਸਰਕਾਰੀ ਸਹੂਲਤਾਂ ਪ੍ਰਦਾਨ ਕਰਨ ਅਤੇ ਉਨਾਂ ਦੇ ਜੀਵਨ ਨੂੰ ਚੰਗੇਰਾ ਬਣਾਉਣ ਦੇ ਫਰਜਾਂ ਤੋਂ ਮੁਕੰਮਲ ਰੂਪ ਵਿਚ ਪਿੱਠ ਮੋੜ ਚੁੱਕੀ ਹੈ।ਉਨਾਂ ਕਿਹਾ ਕਿ ਅਜਿਹੇ ਵਰਤਾਰੇ ਵਿਚ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ, ਭੁਪਿੰਦਰ ਸਿੰਘ ਮਾਨ ਆਦਿ ਆਗੂ ਵੀ ਆਪਣੀ ਜਿੰਮੇਵਾਰੀ ਤੋਂ ਨਹੀਂ ਬਚ ਸਕਦੇ ।
ਮਾਨ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਖੁੱਦ ਇਹ ਪ੍ਰਵਾਨ ਕਰ ਚੁੱਕੇ ਹਨ ਕਿ ਬਰਗਾੜੀ ਵਿਖੇ ਪੁਲਿਸ ਵਲੋਂ ਮਾਰੇ ਗਏ ਦੋ ਸਿੱਖ ਨੌਜ਼ਵਾਨਾਂ ਦੀ ਮੌਤ ਲਈ ਪਿਛਲੀ ਸਰਕਾਰ ਜਿੰਮੇਵਾਰ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਉਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ।ਉਨਾਂ ਦੋਸ਼ ਲਾਇਆ ਕਿ ਅਜਿਹੀ ਢਿੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾਲ ਇਹ ਸਮਝੋਤਾ ਹੋ ਗਿਆ ਹੈ ਕਿ ਉਹ ਬਾਦਲਾਂ ਵਿਰੁੱਧ ਕੋਈ ਐਕਸ਼ਨ ਨਹੀਂ ਕਰਨਗੇ।ਉਨਾਂ ਕਿਹਾ ਕਿ ਇਸੇ ਕਾਰਨ ਹੀ ਜਦੋਂ ਗੈਂਗਸਟਰ, ਨਸ਼ੀਲੀਆਂ ਵਸਤਾਂ ਦੇ ਸਰਗਨੇ ਭੋਲਾ ਵਲੋਂ ਵੱਡੇ-ਵੱਡੇ ਨਾਮਵਰ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੇ ਨਾਮ ਲਏ ਜਾ ਰਹੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਜੋ ਇਥੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਦਾ ਪੰਜਾਬੀਆਂ ਨਾਲ ਵਾਅਦਾ ਵੀ ਕਰ ਚੁੱਕੇ ਹਨ, ਉਹ ਸਾਹਮਣੇ ਆਏ ਦੋਸ਼ੀਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੇ ? ਉਨਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਸੰਜ਼ੀਦਾ ਹੋ ਕੇ ਦਿ੍ਰੜਤਾ ਨਾਲ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਪੰਜਾਬ ਦੀ ਹਕੂਮਤ ਤੇ ਅਤੇ ਐਸ.ਜੀ.ਪੀ.ਸੀ ਦੇ ਧਾਰਮਿਕ ਪ੍ਰਬੰਧ ਉਤੇ ਬਿਠਾਉਣ।
Punjab Post Daily Online Newspaper & Print Media