ਸੰਗਰੂਰ, 22 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਰਾਖਵੇਕਰਨ ਵਿਰੁੱਧ ਇਥੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ।ਕਨਵੈਨਸ਼ਨ ਦੌਰਾਨ ਰਾਖਵਾਂਕਰਨ ਜਾਤ ਅਧਾਰਿਤ ਨਹੀਂ ਬਲਕਿ ਆਰਥਿਕ ਅਧਾਰ ਉਤੇ ਕਰਨ ਦੀ ਮੰਗ ਕੀਤੀ ਗਈ।ਭਰਵੀ ਕਨਵੈਨਸ਼ਨ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜਿਕ ਸਭਾਵਾਂ ਦੇ ਆਗੂਆਂ ਵੱਲੋਂ ਇੱਕ ਸੁਰ ਵਿਚ ਜ਼ੋਰਦਾਰ ਮੰਗ ਉਠਾਈ ਕਿ ਜਾਤ ਅਧਾਰਿਤ ਰਾਖਵਾਂਕਰਨ ਪਦ-ਉਨੱਤੀਆਂ ਵਿੱਚ ਤੁਰੰਤ ਖਤਮ ਕੀਤਾ ਜਾਵੇ।ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਕਿਹਾ ਕਿ ਜਨਰਲ ਵਰਗ ਦੀ ਭਲਾਈ ਲਈ ਇੱਕ ਸੂਬਾਈ ਕਮਿਸ਼ਨ ਬਣਾਇਆ ਜਾਵੇ, ਜਿਵੇਂ ਕਿ ਅਨੂਸੂਚਿਤ ਜਾਤੀ ਵਰਗ ਲਈ ਇੱਕ ਕਮਿਸ਼ਨ ਅਤੇ ਇੱਕ ਵੱਖਰਾ ਵਿਭਾਗ ਅਤੇ ਵਿਧਾਇਕਾਂ ਦੀ ਭਲਾਈ ਕਮੇਟੀ ਬਣਾਈ ਗਈ ਹੈ, ਜਦ ਕਿ ਜਨਰਲ ਵਰਗ ਲਈ ਅਜਿਹਾ ਕੋਈ ਵਿਭਾਗ ਜਾਂ ਕਮਿਸ਼ਨ ਨਹੀਂ ਹੈ, ਜਿੱਥੇ ਕਿ ਉਹ ਉਨ੍ਹਾਂ ਨਾਲ ਹੋ ਰਹੇ ਧੱਕੇ ਸਬੰਧੀ ਅਪੀਲ ਕਰ ਸਕਣ।ਇਹ ਵੀ ਮੰਗ ਕੀਤੀ ਗਈ ਕਿ ਵੱਖ-ਵੱਖ ਵਿਭਾਗਾਂ ਵਿੱਚ ਅਜੀਤ ਸਿੰਘ ਜੰਜੂਆ ਜੱਜਮੈਂਟ ਅਨੁਸਾਰ ਕੈਚ-ਅੱਪ ਰੂਲ ਲਗਾਉਦੇ ਹੋਏ ਸੀਨੀਅਰਤਾ ਸੂਚੀਆਂ ਤਿਆਰ ਕੀਤੀਆਂ ਜਾਣ।ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਰਕੁਲਰ ਨੂੰ ਸਾਰੇ ਵਿਭਾਗਾਂ ਵਿੱਚ ਤੁਰੰਤ ਲਾਗੂ ਕੀਤਾ ਜਾਵੇ।ਜਨਰਲ ਵਰਗ ਦੇ ਸੀਨੀਅਰ ਕਰਮਚਾਰੀਆਂ ਦੀ ਤਨਖ਼ਾਹ ਉਨ੍ਹਾਂ ਤੋਂ ਜੂਨੀਅਰ ਅਨੂਸੂਚਿਤ ਵਰਗ ਦੇ ਕਰਮਚਾਰੀ ਬਰਾਬਰ ਕੀਤੀ ਜਾਵੇ ਜੋ ਸੀਨੀਅਰ ਤੋਂ ਵੱਧ ਤਨਖਾਹ ਲੈ ਰਹੇ ਹਨ।ਸਰਕਾਰ ਵੱਲੋਂ ਇਸ ਸਬੰਧੀ ਮਾਰਚ 2017 ਵਿੱਚ ਜਾਰੀ ਕੀਤੇ ਗਏ ਸਰਕੂਲਰ ਨੂੰ ਤੁਰੰਤ ਲਾਗੂ ਕੀਤਾ ਜਾਵੇ।ਕਨਵੈਨਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਐਟਰੋਸਿਟੀ ਐਕਟ,1989 ਨੂੰ ਵਾਪਿਸ ਲਿਆ ਜਾਵੇ ਜਿਸ ਦਾ ਪੰਜਾਬ ਵਿੱਚ ਦੁਰਉਪਯੋਗ ਹੋ ਰਿਹਾ ਹੈ।ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਮੈਰਿਟ ਦੇ ਅਧਾਰ ’ਤੇ ਕੀਤੇ ਜਾਣ ਅਤੇ ਜਨਰਲ ਵਰਗ ਦੇ ਬੇਰੁਜ਼ਗਾਰਾਂ ਨੂੰ ਉਨ੍ਹਾਂ ਦਾ ਬਣਦਾ 50 ਪ੍ਰਤੀਸ਼ਤ ਕੋਟਾ ਨੌਕਰੀਆਂ ਵਿੱਚ ਦਿੱਤਾ ਜਾਵੇ।
ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਸ਼ੁਰੂ ਤੋਂ ਹੀ ਵੱਧ ਫੀਸਾਂ ਦੇਣੀਆਂ ਪੈਦੀਆਂ ਹਨ ਪਰ ਵੱਧ ਫੀਸਾਂ ਦੇਣ ਅਤੇ ਵੱਧ ਨੰਬਰ ਪ੍ਰਾਪਤ ਕਰਨ ਦੇ ਬਾਵਜੂਦ ਜਨਰਲ ਵਰਗ ਨੂੰ ਨੌਕਰੀਆਂ ਨਹੀਂ ਮਿਲਦੀਆ। ਜੋਤਿੰਦਰ ਜੋਤੀ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਜਸਵੰਤ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ, ਮੇਘ ਰਾਜ ਧੂਰੀ ਜਿਲ਼੍ਹਾ ਪ੍ਰਧਾਨ ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ, ਅਗਰਵਾਲ ਸਭਾ ਸੰਗਰੂਰ ਦੇ ਜਿਲ਼੍ਹਾ ਪ੍ਰਧਾਨ ਸ਼ਾਮ ਲਾਲ, ਵਿਜੈ ਗੁਪਤਾ ਸਾਬਕਾ ਪ੍ਰਧਾਨ, ਸੁਖਪ੍ਰੀਤ ਸਿੰਘ, ਕੁਲਦੀਪ ਭੁੱਲਰ, ਅਨਿਲ ਗੋਇਲ, ਪਾਲੀ ਰਾਮ ਬਾਂਸਲ, ਲੈਕਚਰਾਰ ਹਰਨੇਕ ਸਿੰਘ ਨੇ ਸੰਬੋਧਨ ਕੀਤਾ।ਅਵਤਾਰ ਸਿੰਘ ਭਲਵਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਗਦੀਸ਼ ਸਿੰਗਲਾ, ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਵੇਦ ਗੁਪਤਾ, ਪ੍ਰਿੰਸੀਪਲ ਰਾਜਿੰਦਰ ਸਿੰਗਲਾ, ਪ੍ਰਿੰਸੀਪਲ ਸੁਖਵੀਰ ਸਿੰਘ, ਪ੍ਰਿਸੀਪਲ ਰਾਜੀਵ ਕੁਮਾਰ, ਅਸ਼ੋਕ ਸਿੰਗਲਾ, ਭਾਰਤ ਰਤਨ ਜੋਸ਼ੀ, ਪ੍ਰਦੀਪ ਸਿੰਘ, ਰਘਬੀਰ ਸਿੰਘ ਆਦਿ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media