ਬਟਾਲਾ, 29 ਅਗਸਤ (ਪੰਜਾਬ ਪੋਸਟ ਨਰਿੰਦਰ ਬਰਨਾਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖਾਂ ਦੀ ਜੁਝਾਰੂ ਖੇਡ ਗੱਤਕਾ ਨੂੰ ਪ੍ਰਫੁੱਲਿਤ ਕਰਨ ਲਈ
ਆਰੰਭੇ ਗਏ ਯਤਨਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਕਲਗੀਧਰ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਬਟਾਲਾ ਵਿਖੇ ਗੱਤਕਾ ਮੁਕਾਬਲਾ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਗੁਰਨਾਮ ਸਿੰਘ ਜੱਸਲ, ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਨੇ ਇਸ ਗੱਤਕਾ ਮੁਕਾਬਲੇ ਦੀ ਆਰੰਭਤਾ ਕਰਵਾਈ।ਇਸ ਮੁਕਾਬਲੇ ਵਿਚ ਸਿੱਖ ਨੌਜੁਆਨਾਂ ਨੇ ਬਹੁਤ ਹੀ ਕੁਸ਼ਲਤਾ ਤੇ ਜੋਸ਼ ਨਾਲ ਗੱਤਕੇ ਦੇ ਜ਼ੌਹਰ ਦਿਖਾਏ।ਵਿਅਕਤੀਗਤ ਫਾਈਟ ਮੁਕਾਬਲੇ ਵਿਚ ਪਹਿਲਾ ਸਥਾਨ ਖਿਡਾਰੀ ਸ਼ਮਸ਼ੇਰ ਸਿੰਘ, ਦੂਜਾ ਸਥਾਨ ਨਰਿੰਦਰ ਸਿੰਘ ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ ਪ੍ਰਾਪਤ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕ੍ਰਮਵਾਰ 7100/-, 5000/- ਅਤੇ 4000/- ਰੁਪਏ ਇਨਾਮ ਵਜੋਂ ਦਿੱਤੇ ਗਏ।ਇਸੇ ਤਰ੍ਹਾਂ ਗੱਤਕੇ ਦੀ ਪ੍ਰਦਰਸ਼ਨੀ ਮੁਕਾਬਲੇ ਦੀਆਂ ਜੇਤੂ ਟੀਮਾਂ ਵਿਚੋਂ ਪਹਿਲਾ ਸਥਾਨ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਕੁਰਾਲੀ, ਦੂਜਾ ਸਥਾਨ ਅਮਿਤੋਜ ਗੱਤਕਾ ਅਕੈਡਮੀ ਅੰਮ੍ਰਿਤਸਰ ਅਤੇ ਤੀਜਾ ਸਥਾਨ ਗੁਰੂ ਅਰਜਨ ਦੇਵ ਗੱਤਕਾ ਅਖਾੜਾ ਉੜਮੁੜ ਟਾਂਡਾ ਨੂੰ ਵੀ ਕ੍ਰਮਵਾਰ 11000/-, 7000/- ਅਤੇ 5000/- ਰੁਪਏ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਗੱਤਕਾ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਬਾਕੀ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਵੀ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਨੌਜੁਆਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਚਲਾਈ ਇਸ ਪ੍ਰੰਪਰਾ ਅਨੁਸਾਰ ਸ਼ਸਤਰ ਵਿੱਦਿਆ ਦੇ ਅਭਿਆਸ ਲਈ ਰੁਚਿਤ ਹੋਈਏ ਤਾਂ ਜੋ ਸਿੱਖ ਵਿਰਾਸਤ ਹੋਰ ਪ੍ਰਫੁੱਲਤ ਹੋ ਸਕੇ। ਇਸ ਮੌਕੇ ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ, ਬਾਬਾ ਹਰਜੀਤ ਸਿੰਘ ਯੂ.ਕੇ. ਵਾਲੇ, ਗੁਰਮੀਤ ਸਿੰਘ, ਰਜਵੰਤ ਸਿੰਘ, ਗੱਤਕਾ ਇੰਚਾਰਜ ਹਰਦੀਪ ਸਿੰਘ ਪਟਿਆਲਾ ਅਤੇ ਗੱਤਕਾ ਕੋਚ ਸੁਪ੍ਰੀਤ ਸਿੰਘ, ਇੰਦਰਪਾਲ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਗੁਰਿੰਦਰ ਸਿੰਘ, ਚੰਨਦੀਪ ਸਿੰਘ ਅਤੇ ਜਸਬੀਰ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਸਫ਼ਲ ਬਣਾਉਣ ਵਾਲੀਆਂ ਮਹਿਲਾ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media