ਪ੍ਰੋ: ਬਡੂੰਗਰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪ੍ਰਤੀਕਰਮ
ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਣ ’ਤੇ
ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਹਰਿਆਣਾ ਸਰਕਾਰ ਕਾਰਵਾਈ ਕਰਦੀ ਤਾਂ ਹਿੰਸਕ ਘਟਨਾਵਾਂ ਹੋਣ ਤੋਂ ਰੋਕੀਆਂ ਜਾ ਸਕਦੀਆਂ ਸਨ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਨੇ ਜਿਥੇ ਪੀੜਤ ਲੜਕੀਆਂ ਨਾਲ ਇਨਸਾਫ ਕੀਤਾ ਹੈ ਉਥੇ ਇਹ ਵੀ ਦਰਸਾਇਆ ਹੈ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ।ਉਨ੍ਹਾਂ ਪਿਛਲੇ ਸਮੇਂ ਦੌਰਾਨ ਦੁਬਿਧਾ ਦਾ ਸ਼ਿਕਾਰ ਹੋ ਕੇ ਪੰਥ ਦੀ ਮੁੱਖ ਧਾਰਾ ਤੋਂ ਟੁੱਟ ਕੇ ਡੇਰਾ ਸਿਰਸਾ ਨਾਲ ਜੁੜ ਗਏ ਸਿੱਖਾਂ ਨੂੰ ਕਿਹਾ ਕਿ ਡੇਰਾ ਮੁਖੀ ਦੀ ਘਿਨੌਣੀ ਸੱਚਾਈ ਜੱਗ ਜਾਹਰ ਹੋਣ ਤੋਂ ਬਾਅਦ ਉਹ ਗੁਰੂ ਡੰਮ੍ਹ ਛੱਡ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ।ਪ੍ਰੋ: ਬਡੂੰਗਰ ਨੇ ਗੁਰੂ ਘਰ ਤੋਂ ਟੁੱਟੇ ਸਿੱਖਾਂ ਨੂੰ ਮੁੜ ਸਿੱਖੀ ਦੀ ਮੁੱਖ ਧਾਰਾ ਵਿਚ ਆਉਣ ਦਾ ਸੱਦਾ ਵੀ ਦਿੱਤਾ।
ਉਨ੍ਹਾਂ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਧਰਮ ਪ੍ਰਚਾਰ ਲਹਿਰ ਨੂੰ ਸਰਗਰਮ ਰੂਪ ਵਿਚ ਚਲਾਇਆ ਜਾ ਰਿਹਾ ਹੈ ਪਰ ਦੁਬਿਧਾ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਗੁਰਮਤਿ ਨਾਲ ਜੋੜਨ ਲਈ ਯਤਨ ਹੋਰ ਵੀ ਤੇਜ਼ ਕੀਤੇ ਜਾਣਗੇ।ਇਸ ਕਾਰਜ ਲਈ ਧਰਮ ਪ੍ਰਚਾਰ ਵਿਧੀ ਦੇ ਨਾਲ ਨਾਲ ਸੰਵਾਦ ਨੂੰ ਵੀ ਅਪਣਾਇਆ ਜਾਵੇਗਾ।ਉਨ੍ਹਾਂ ਆਖਿਆ ਪੰਜਾਬ ਦੀ ਵਿਰਾਸਤ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਵਾਲੀ ਹੈ ਜਿਸ ਵਿਚ ਸਰਬ ਸਾਂਝੀਵਾਲਤਾ ਦਾ ਉਪਦੇਸ਼ ਮੁੱਖ ਹੈ। ਪ੍ਰੋ: ਬਡੂੰਗਰ ਨੇ ਧਰਮ ਦੇ ਨਾਮ ’ਤੇ ਦੁਕਾਨਾਂ ਚਲਾਉਣ ਵਾਲੇ ਲੋਕਾਂ ਤੋਂ ਸੁਚੇਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਆਪਣਾ ਜੀਵਨ ਹੀ ਧਰਮ ਦੇ ਸਿਧਾਂਤਾਂ ਅਨੁਸਾਰ ਨਾ ਹੋਵੇ ਉਹ ਧਰਮ ਉਪਦੇਸ਼ਕ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਇਆ ਸੱਚ ਦਾ ਮਾਰਗ ਹੀ ਸਿੱਖ ਲਈ ਸਰਵਉੱਚ ਹੈ ਅਤੇ ਇਸ ਅਨੁਸਾਰ ਜੀਵਨ ਜਿਉਣਾ ਸਿੱਖ ਦਾ ਪਰਮ ਧਰਮ ਕਰਤੱਵ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media