ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਹਾਕੀ ਅਕੈਡਮੀ (ਔਰਤਾਂ) ਦੀ ਟੀਮ ਆਸਟਰੇਲੀਆ
ਵਿਖੇ ਹੋ ਰਹੇ ਹਾਕੀ ਟੈਸਟ ਮੈਚ ਦੀ ਤਿਆਰੀ ਸਬੰਧੀ ਭੋਪਾਲ ਵਿਖੇ ਲਗਾਏ ਗਏ ਕੈਂਪ ’ਚ ਪਹੁੰਚ ਗਈਆਂ।ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸੈਂਟਰ (ਭੋਪਾਲ) ਵਲੋਂ ਲਗਾਏ ਗਏ ਇਸ 24 ਸਤੰਬਰ ਤੱਕ ਚੱਲਣ ਵਾਲੇ ਕੈਂਪ ’ਚ ਅਕੈਡਮੀ ਦੀਆਂ 5 ਖਿਡਾਰਣਾਂ ਟੈਸਟ ਮੈਚ ਦਾ ਅਭਿਆਸ ਕਰਨਗੀਆਂ।ਕੈਂਪ ’ਚ ਵੱਖ-ਵੱਖ ਰਾਜਾਂ ਜਿਵੇਂ ਗਵਾਲੀਅਰ, ਹਰਿਆਣਾ, ਝਾਰਖੰਡ, ਉੜੀਸਾ, ਪੰਜਾਬ ਤੇ ਹੋਰ ਰਾਜਾਂ ਤੋਂ 28 ਖਿਡਾਰਣਾਂ ਟ੍ਰੇਨਿੰਗ ਲਈ ਪੁੱਜੀਆਂ ਹਨ।
ਅਕੈਡਮੀ ਦੀਆਂ ਖਿਡਾਰਣਾਂ ਦੇ ਕੈਂਪ ਪੁੱਜਣ ’ਤੇ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾ. ਗੁਰਮੋਹਨ ਸਿੰਘ ਵਾਲੀਆ ਨੇ ਮੁਬਾਰਕਬਾਦ ਦਿੰਦਿਆ ਇੰਨ੍ਹਾਂ ਖਿਡਾਰਣਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਸਾਂਝੇ ਤੌਰ ’ਤੇ ਦੱਸਿਆ ਕਿ ਹਾਕੀ ਨੂੰ ਪ੍ਰਫ਼ੁਲਿੱਤ ਕਰਨ ਲਈ ਇਹ ਅਕੈਡਮੀ ਆਉਣ ਵਾਲੇ ਸਮੇਂ ’ਚ ਆਪਣੇ ਕੀਰਤੀਮਾਨ ਸਥਾਪਿਤ ਕਰੇਗੀ।ਉਨ੍ਹਾਂ ਕਿਹਾ ਕਿ ਉਕਤ ਕੈਂਪ ’ਚ ਵੱਖ-ਵੱਖ ਰਾਜਾਂ ਤੋਂ 28 ਖਿਡਾਰਣਾਂ ’ਚੋਂ 5 ਖਿਡਾਰਣਾਂ ਹਾਕੀ ਅਕੈਡਮੀ ਟੀਮ ਦੀਆਂ ਹਨ ਜਿਨ੍ਹਾਂ ’ਚ ਖਿਡਾਰਣ ਰਿਤੂ ਅਤੇ ਗਗਨਦੀਪ ਕੌਰ ਇੰਟਰਨੈਸ਼ਨਲ ਖਿਡਾਰਣਾਂ ਤੋਂ ਇਲਾਵਾ ਅਮਰਿੰਦਰ ਕੌਰ, ਰੀਤ ਅਤੇ ਪ੍ਰਿਯੰਕਾ ਜ਼ਿਕਰਯੋਗ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਗੁਰਮੋਹਨ ਸਿੰਘ ਵਾਲੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਅੰਤਰਰਾਸ਼ਟਰੀ ਪੱਧਰ ਦੇ ਪ੍ਰਮੁੱਖ ਕੋਚ ਅਤੇ ਦਰੋਨਾਚਾਰੀਆ ਐਵਾਰਡੀ ਬਲਦੇਵ ਸਿੰਘ, ਜੋ ਹਾਕੀ ਟੀਮ ਦੇ ਕੋਚ ਹਨ ਅਤੇ ਸਾਥੀ ਕੋਚ ਅਮਰਜੀਤ ਸਿੰਘ ਦੀ ਦੇਖ ਰੇਖ ’ਚ ਅਕੈਡਮੀ ਹਾਕੀ ਦੇ ਖੇਤਰ ਨੂੰ ਹੋਰ ਸਿਖ਼ਰਾਂ ’ਤੇ ਲਿਜਾਉਣ ਲਈ ਟੀਮ ਖਿਡਾਰਣਾਂ ਭਾਰੀ ਜਦੋਂ-ਜਹਿਦ ਕਰ ਰਹੀਆਂ ਹਨ ਅਤੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲੇ ਬਲਦੇਵ ਸਿੰਘ ਨੇ ਉਲੰਪੀਅਨ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ।ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੁਆਰਾ ਦਿੱਤੀ ਜਾ ਰਹੀ ਕੋਚਿੰਗ ਅਤੇ ਡਾਇਰੈਕਟਰ (ਸਪੋਰਟਸ) ਡਾ. ਕੰਵਲਜੀਤ ਸਿੰਘ ਦੀ ਅਗਵਾਈ ’ਚ ਚਲ ਰਹੀ ਅਕੈਡਮੀ ਵੱਲੋਂ ਸਥਾਪਿਤ ਟੀਚੇ ਸਦਕਾ ਹੀ ਹੈ ਕਿ ਉਪਰੋਕਤ ਖਿਡਾਰਨਾਂ ਨੂੰ ਇਹ ਮਾਣ ਹਾਸਲ ਹੋਇਆ ਹੈ।
ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਪਰੋਕਤ ਖਿਡਾਰਨਾਂ ਸਹੀ ਸਿਖਲਾਈ ਪ੍ਰਾਪਤ ਕਰਕੇ ਦੇਸ਼ ਦੇ ਨਾਮ ਆਉਣ ਵਾਲੇ ਮੁਕਾਬਲੇ ’ਚ ਚਮਕਾਉਣਗੀਆਂ।ਉਨ੍ਹਾਂ ਕਿਹਾ ਕਿ ਅਕੈਡਮੀ ਦੀ ਸਥਾਪਨਾ ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੀਤੀ ਗਈ ਸੀ, ਜਿਸ ’ਚ 35 ਵਿਦਿਆਰਥਣਾਂ ਸ਼ਾਮਿਲ ਹਨ, ਜੋ ਕਿ ਪਹਿਲਾਂ ਹੀ ਵੱਖ-ਵੱਖ ਰਾਸ਼ਟਰੀ ਪੱਧਰ ਦੀਆਂ ਖਿਡਾਰਣਾਂ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਟੀਚਾ ਹੈ ਕਿ ਅਕੈਡਮੀ ਦੀਆਂ ਖਿਡਾਰਣਾਂ 2020 ’ਚ ਹੋਣ ਵਾਲੀਆਂ ਉਲੰਪੀਅਨ ਖੇਡਾਂ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨ।
ਡਾ. ਜੀ.ਐਸ ਵਾਲੀਆ ਨੇ ਕਿਹਾ ਕਿ ਬਲਦੇਵ ਸਿੰਘ ਅਧੀਨ ਟ੍ਰੇਨਿੰਗ ਕਰਨ ਉਪਰੰਤ ਬਹੁਤ ਸਾਰੀਆਂ ਭਾਰਤ ਦੀਆਂ ਟਾਪ ਦੇ ਖਿਡਾਰੀ ਜਿਨ੍ਹਾਂ ’ਚ ਸੰਦੀਪ ਕੌਰ, ਰਿਤੂ ਰਾਣੀ, ਰਾਣੀ ਰਾਮਪਾਲ, ਸੰਦੀਪ ਸਿੰਘ ਆਦਿ ਸ਼ਾਮਿਲ ਹਨ, ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ।ਸਪੋਰਟਸ ਡਾਇਰੈਕਟਰ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਅਕੈਡਮੀ ਦੀਆਂ 35 ਖਿਡਾਰਣਾਂ ’ਚੋਂ 7 ਖਿਡਾਰਣਾਂ ਪਹਿਲਾਂ ਹੀ ਭਾਰਤ ਦੀ ਨੁਮਾਇੰਦਗੀ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ’ਤੇ ਕਰ ਚੁੱਕੇ ਹਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media