ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੀ 4 ਸਤੰਬਰ ਦੀ ਰਾਤ ਨੂੰ ਤਕਰੀਬਨ 11.00 ਵਜੇ ਇੱਕ ਦਰਜ਼ਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਇੱਕ
ਟੋਲੀ ਵੱਲੋਂ ਰੇਲਵੇ ਸਟੇਸ਼ਨ ਦੇ ਸਾਹਮਣੇ ਜੋਗਿੰਦਰ ਢਾਬੇ ਦੇ ਮਾਲਕ ਮੋਹਨ ਸਿੰਘ ਦੇ ਪੁੱਤਰ ਦਮਨ ਸਿੰਘ ਦਾ ਢਾਬਾ ਬੰਦ ਕਰਨ ਦਾ ਬਹਾਨਾ ਬਣਾ ਕੇ ਉਸ ਨਾਲ ਹੱਥਾਪਾਈ ਕਰਕੇ ਉਸ ਦੀ ਦਸਤਾਰ ਉਤਾਰ ਕੇ ਰੋਲਣ ਦੇ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਾਈ ਕਮਾਂਡ ਨੇ ਇਸ ਮਾਮਲੇ ਤੇ ਤਿੱਖਾ ਪ੍ਰਤੀਕ੍ਰਮ ਜਾਹਿਰ ਕੀਤਾ ਹੈ ਤੇ ਇਹ ਮਾਮਲਾ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦੇ ਵਿਸ਼ਾਲ ਇਕੱਠ ਵਿੱਚ ਬੁਲਾਏ ਗਏ ਸਰਬੱਤ ਖਾਲਸਾ ਸੰਮੇਲਨ ਦੇ ਦੌਰਾਨ ਥਾਪੇ ਗਏ ਕੌਮੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਸਨਮੁੱਖ ਉਠਾਉਣ ਦੀ ਰੂਪ-ਰੇਖਾ ਵੀ ਤਿਆਰ ਕੀਤੀ ਹੈ।
ਇਸ ਸਬੰਧੀ ਅੱਜ ਇੱਥੇ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਤੇ ਪ੍ਰੈਸ ਸਕੱਤਰ/ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਖੁੱਲ ਦੇ ਕੇ ਸੂਬੇ ਦੇ ਵਿੱਚ ਅਸਥਿਰਤਾ ਤੇ ਅਰਾਜਕਤਾ ਵਾਲਾ ਮਾਹੌਲ ਕਾਇਮ ਕਰ ਦਿੱਤਾ ਹੈ।ਜਿਸ ਦੀ ਮਿਸਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਬਣੇ ਜੋਗਿੰਦਰ ਢਾਬੇ ਤੇ ਵਾਪਰੇ ਘਟਨਾਕ੍ਰਮ ਤੋਂ ਮਿਲਦੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਹੁਕਮਾਂ ਮੁਤਾਬਿਕ ਢਾਬੇ ਬੰਦ ਕਰਨ ਦਾ ਸਮਾਂ 12.00 ਵਜੇ ਦਾ ਹੈ।ਪਰ ਕੈਪਟਨ ਦੀ ਸ਼ਹਿ ਪ੍ਰਾਪਤ ਪੰਜਾਬ ਪੁਲਿਸ ਦੇ 10-12 ਪੁਲਿਸ ਮੁਲਾਜ਼ਮਾਂ ਦੇ ਦਲ ਨੇ ਆਪਣੀ ਵਰਦੀ ਦਾ ਰੋਅਬ ਝਾੜਦੇ ਹੋਏ ਤੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਇੱਕ ਘੰਟਾ ਪਹਿਲਾਂ ਹੀ ਢਾਬਾ ਬੰਦ ਕਰਨ ਦੇ ਹੁਕਮ ਦਿੱਤੇ ਤੇ ਹੁਕਮ ਅਦੂਲੀ ਕਰਨ ਦੀ ਸੂਰਤ ਵਿੱਚ ਢਾਬਾ ਮਾਲਕ ਮੋਹਨ ਸਿੰਘ ਦੇ ਬੇਟੇ ਦਮਨ ਸਿੰਘ ਦੇ ਨਾਲ ਗੈਰ ਕਨੂੰਨੀ ਤਰੀਕੇ ਨਾਲ ਹੱਥੋਪਾਈ ਕੀਤੀ ਤੇ ਜਾਣ-ਬੁੱਝ ਕੇ ਉਸ ਦੀ ਪੱਗੜੀ ਉਤਾਰ ਦਿੱਤੀ।ਇਥੇ ਹੀ ਬਸ ਨਹੀਂ ਜਮਹੂਰੀ ਕਦਰਾਂ ਕੀਮਤਾਂ ਦਾ ਕਤਲ ਕਰਦਿਆਂ ਢਾਬੇ ਅੰਦਰ ਖਾਣਾ ਖਾ ਰਹੇ ਮਹਿਲਾ-ਪੁਰਸ਼ਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਤੇ ਬੱਚ ਬਚਾਅ ਕਰਵਾਉਣ ਵਾਲਿਆਂ ਦੇ ਨਾਲ ਵੀ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ।ਉਨ੍ਹਾ ਕਿਹਾ ਕਿ ਅਗਰ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਤੇ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਸਮੂਹਿਕ ਸਿੱਖ ਸੰਗਠਨਾਂ ਤੇ ਧਾਰਮਿਕ ਜੱਥੇਬੰਦੀਆਂ ਨੂੰ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ ਤੇ ਦਮਨ ਸਿੰਘ ਨੂੰ ਇਨਸਾਫ ਦਿਵਾਉਣ ਲਈ ਘੋਲ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਸੀ.ਸੀ.ਟੀ.ਵੀ ਵਿੱਚ ਵੀ ਰਿਕਾਰਡ ਹੋਈ ਇਸ ਘਟਨਾ ਦੀ ਪੁਲਿਸ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media