ਫਾਜ਼ਿਲਕਾ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਉਪਮੰਡਲ ਫਾਜ਼ਿਲਕਾ ਦੇ ਪਿੰਡ ਚੁਵਾੜਿਆਂ ਵਾਲੀ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਕੌਮਾਂਤਰੀ ਸਾਖਰਤਾ
ਦਿਵਸ ਮੌਕੇ ਸਵੇਰ ਦੀ ਸਭਾ `ਚ ਵਿਦਿਆਰਥੀਆਂ ਨੂੰ ਸਾਖਰਤਾ ਪ੍ਰਤੀ ਜਾਗਰੂਕ ਕੀਤਾ ਗਿਆ।ਅਧਿਆਪਕ ਵਿਜੈ ਗੁਪਤਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸੰਸਥਾ ਯੁਨੈਸਕੋ ਨੇ ਸਾਲ 2030 ਤੱਕ ਸੰਸਾਰ ਦੇ ਸਾਰੇ ਨੌਜਵਾਨਾਂ ਨੂੰ ਸਾਖਰ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਇਸ ਸਾਲ ਉਨ੍ਹਾਂ ਦਾ ਧਿਆਨ ਡਿਜ਼ੀਟਲ ਸਾਖਰਤਾ ਉੱਪਰ ਹੈ।ਉਨ੍ਹਾਂ ਅੱਗੇ ਬੋਲਦਿਆਂ ਕਿਹਾ ਸਾਰੀ ਦੁਨੀਆਂ ਵਿੱਚ ਜਿਥੇ ਐਨੀ ਤਰੱਕੀ ਹੋਣ ਦੇ ਬਾਵਜ਼ੂਦ ਹਾਲੇ ਵੀ ਘੱਟੋ ਘੱਟ 75 ਕਰੋੜ ਬਾਲਗ ਅਤੇ 26 ਕਰੋੜ ਸਕੂਲੋਂ ਵਿਰਵੇ ਬੱਚਿਆਂ ਕੋਲ ਅਜੇ ਵੀ ਮੁੱਢਲੀ ਸਾਖਰਤਾ ਦੇ ਹੁਨਰ ਦੀ ਘਾਟ ਹੈ।ਦੁਨੀਆਂ ਦਾ ਹਰ ਪੰਜਵਾਂ ਵਿਅੱਕਤੀ ਅਨਪੜ੍ਹ ਹੈ, ਜਿਹਨਾਂ ਵਿਚੋਂ ਦੋ ਤਿਹਾਈ ਔਰਤਾਂ ਹਨ।ਦੁਨੀਆਂ ਦੇ ਨਾਰਵੇ, ਫਿਨਲੈਂਡ, ਐਨਡੋਰਾ, ਨੋਰਫੋਲਕ ਆਈਲੈਂਡ, ਗ੍ਰੀਨਲੈਂਡ, ਉਤਰੀ ਕੋਰੀਆ, ਲਗਜ਼ਮਬਰਗ ਵਰਗੇ ਦੇਸ਼ਾਂ ਦੀ ਸਾਖਰਤਾ ਦਰ 100 ਫੀਸਦੀ ਹੈ ਅਤੇ ਜ਼ਿਆਦਾਤਰ ਕਈ ਦੇਸ਼ਾਂ ਦੀ ਸਾਖਰਤਾ ਦਰ 98 ਫੀਸਦੀ ਤੋਂ ਵੱਧ ਹੈ।ਦੁਨੀਆਂ ਦੀ ਅੋਸਤ ਸਾਖਰਤਾ ਦਰ 84 ਫੀਸਦੀ ਹੈ ਪਰ ਸਾਡਾ ਦੇਸ਼ ਅਜੇ ਵੀ ਇਸ ਤੋਂ ਪਿੱਛੇ ਹੈ।ਸਾਡੇ ਦੇਸ਼ ਦੀ ਸਾਖਰਤਾ ਦਰ 74.4 ਫੀਸਦੀ ਹੈ ਜਿਸ ਵਿੱਚੋਂ ਪੁਰਖਾਂ ਦੀ ਸਾਖਰਤਾ ਦਰ 82.1 ਫੀਸਦੀ ਅਤੇ ਮਹਿਲਾਵਾਂ ਦਾ ਸਾਖਰਤਾ ਦਰ 65.5 ਫੀਸਦੀ ਹੈ। ਇਸ ਲਈ ਸਾਨੂੰ ਦੇਸ਼ ਦੀ ਸਾਖਰਤਾ ਦਰ ਵਧਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਮੌਕੇ ਵਿਦਿਆਰਥੀਆਂ ਦੇ ਸਮਾਜਿਕ ਸਿਖਿਆ ਵਿਸ਼ੇ ਨਾਲ ਸੰਬੰਧਤ ਸਵੇਰ ਦੀ ਸਭਾ ਦੌਰਾਨ ਅੰਤਰ-ਸਦਨ ਕੁਇਜ਼ ਮੁਕਾਬਲੇ ਕਰਵਾਏ ਗਏ।ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਕੁਇਜ਼ ਮੁਕਾਬਲਿਆਂ ਲਈ ਤਿੰਨ ਟੀਮਾਂ ਏ, ਬੀ ਅਤੇ ਸੀ ਬਣਾਈਆਂ ਗਈਆਂ ਅਤੇ ਉਨ੍ਹਾਂ ਕੋਲੋਂ ਵਿਸ਼ੇ ਨਾਲ ਸੰਬੰਧਤ ਆਨ-ਲਾਈਨ ਪ੍ਰਸ਼ਨ ਪੁੱਛੇ ਗਏ।ਜਿਸ ਵਿੱਚ ਟੀਮ ਸੀ ਨੇ ਪਹਿਲਾ ਸਥਾਨ ਹਾਸਲ ਕੀਤਾ।ਗਗਨਦੀਪ ਆਰਟ ਅਤੇ ਕਰਾਫਟ ਅਧਿਆਪਕ ਨੇ ਟਾਈਮ ਕੀਪਰ ਅਤੇ ਸ਼੍ਰੀਮਤੀ ਤਪੱਸਿਆ ਕੰਬੋਜ਼ ਨੇ ਸਕੋਰ ਬੋਰਡ ਦੀ ਅਤੇ ਲਕਸ਼ਮੀ ਨਾਰਾਇਣ ਨੇ ਮੰਚ ਸੰਚਾਲਨ ਦੀ ਸੇਵਾ ਬਖੂਬੀ ਨਿਭਾਈ।ਜੇਤੂ ਟੀਮ ਨੂੰ ਇਨਾਮ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media